ਅਮਰੀਕਾ ਨੇ ਵੀਜ਼ਾ ਬਿਨੈਕਾਰ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਲਈ ਨਿੱਜੀ ਇੰਟਰਵਿਊ ਤੋਂ ਛੋਟ

ਨਿਊਜ਼ ਪੰਜਾਬ
ਵਾਸ਼ਿੰਗਟਨ, 27 ਫਰਵਰੀ – ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਲਈ ਅਮਰੀਕਾ ਤੋਂ ਖੁਸ਼ੀ ਦੀ ਖਬਰ ਆ ਰਹੀ ਹੈ। ਅਮਰੀਕਾ ਨੇ 31 ਦਸੰਬਰ ਤੱਕ ਭਾਰਤ ’ਚ ਆਪਣੇ ਦੂਤਾਵਾਸਾਂ ’ਚ ਵਿਦਿਆਰਥੀਆਂ ਤੇ ਕਾਮਿਆਂ ਸਣੇ ਕਈ ਵੀਜ਼ਾ ਬਿਨੈਕਾਰਾਂ ਲਈ ਨਿੱਜੀ ਇੰਟਰਵਿਊ ਤੋਂ ਛੋਟ ਦੇ ਦਿੱਤੀ ਹੈ।
ਅਮਰੀਕਾ ਨੇ ਵਿਦਿਆਰਥੀਆਂ ਅਤੇ ਵਰਕਰਾਂ ਸਮੇਤ ਕਈ ਵੀਜ਼ਾ ਬਿਨੈਕਾਰਾਂ ਲਈ ਇਸ ਸਾਲ 31 ਦਸੰਬਰ ਤੱਕ ਭਾਰਤ ਵਿੱਚ ਆਪਣੇ ਦੂਤਾਵਾਸਾਂ ਵਿੱਚ ਵਿਅਕਤੀਗਤ ਤੌਰ ‘ਤੇ ਹਾਜ਼ਰ ਹੋਣ ਅਤੇ ਇੰਟਰਵਿਊ ਕਰਨ ਦੀ ਸ਼ਰਤ ਖਤਮ ਕਰ ਦਿੱਤੀ ਹੈ। ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੇ ਭਾਰਤੀ ਭਾਈਚਾਰੇ ਦੇ ਨੇਤਾਵਾਂ ਨੂੰ ਇਹ ਜਾਣਕਾਰੀ ਦਿੱਤੀ। ਇਸ ਮੁਤਾਬਕ ਜਿਨ੍ਹਾਂ ਬਿਨੈਕਾਰਾਂ ਨੂੰ ਛੋਟ ਦਿੱਤੀ ਗਈ ਹੈ ਉਨ੍ਹਾਂ ਵਿੱਚ ਵਿਦਿਆਰਥੀ (ਐੱਫ, ਐੱਮ ਅਤੇ ਅਕੈਡਮਿਕ ਜੇ ਵੀਜ਼ਾ), ਵਰਕਰ (ਐੱਚ-1, ਐੱਚ-2, ਐੱਚ-3 ਅਤੇ ਵਿਅਕਤੀਗਤ ਐੱਲ ਵੀਜ਼ਾ), ਸੱਭਿਆਚਾਰ ਅਤੇ ਅਸਧਾਰਨ ਯੋਗਤਾ ਵਾਲੇ ਲੋਕ (ਓ,ਪੀ ਅਤੇ ਕਿਊ ਵੀਜ਼ਾ) ਸ਼ਾਮਲ ਹਨ।
ਦੱਖਣੀ ਏਸ਼ੀਆਈ ਭਾਈਚਾਰੇ ਦੇ ਨੇਤਾ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਏਸ਼ੀਆਈ ਅਮਰੀਕੀਆਂ ਲਈ ਸਲਾਹਕਾਰ ਅਜੈ ਜੈਨ ਭੂਟੋਰੀਆ ਨੇ ਦੱਖਣੀ ਮੱਧ ਏਸ਼ੀਆ ਦੇ ਸਹਾਇਕ ਵਿਦੇਸ਼ ਮੰਤਰੀ ਡੋਨਲ ਲੂ ਨਾਲ ਮੁਲਾਕਾਤ ਕੀਤੀ।ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਵੀਜ਼ਾ ਬਿਨੈਕਾਰਾਂ ਨੂੰ ਇਸ ਸਹਿਯੋਗ ਦੀ ਕਾਫ਼ੀ ਲੋੜ ਸੀ। ਸਾਡੇ ਦੋਸਤਾਂ ਤੇ ਨਜ਼ਦੀਕੀ ਲੋਕਾਂ ਲਈ ਇਹ ਰਾਹਤ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਦੀਆਂ ਚਿੰਤਾਵਾਂ ਤੇ ਔਕੜਾਂ ਦੂਰ ਹੋ ਜਾਣਗੀਆਂ।