ਪੰਜਾਬ ਨੂੰ ਕੌਮੀ ਊਰਜਾ ਸੰਭਾਲ ਵਿੱਚ ਮਿਲਿਆ ਪਹਿਲਾ ਇਨਾਮ
ਨਿਊਜ਼ ਪੰਜਾਬ
ਚੰਡੀਗੜ੍ਹ, 14 ਦਸੰਬਰ:
ਪੰਜਾਬ ਵਿੱਚ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ਉਪਾਵਾਂ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਨੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੂੰ ਸਟੇਟ ਪਰਫਾਰਮੈਂਸ ਐਵਾਰਡ (ਗਰੁੱਪ 2) ਵਿੱਚ ਪਹਿਲਾ ਪਹਿਲਾ ਇਨਾਮ ਦਿੱਤਾ ਹੈ। ਇਹ ਐਵਾਰਡ ਸ੍ਰੀ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਅਤੇ ਪੇਡਾ ਦੇ ਚੇਅਰਮੈਨ ਸ੍ਰੀ ਐਚ.ਐਸ. ਹੰਸਪਾਲ ਵੱਲੋਂ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਬਾਰੇ ਕੇਂਦਰੀ ਮੰਤਰੀ ਸ੍ਰੀ ਆਰ.ਕੇ. ਸਿੰਘ ਤੋਂ ਪ੍ਰਾਪਤ ਕੀਤਾ ਗਿਆ। ਇਸ ਮੌਕੇ ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ, ਸੀਨੀਅਰ ਮੈਨੇਜਰ ਸ੍ਰੀ ਪਰਮਜੀਤ ਸਿੰਘ ਅਤੇ ਪ੍ਰਾਜੈਕਟ ਇੰਜੀਨੀਅਰ ਸ੍ਰੀ ਮਨੀ ਖੰਨਾ ਵੀ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕੇ.ਏ.ਪੀ. ਸਿਨਹਾ ਨੇ ਦੱਸਿਆ ਕਿ ਇਹ ਐਵਾਰਡ ਸੂਬੇ ਵੱਲੋਂ ਵੱਖ-ਵੱਖ ਖੇਤਰਾਂ ਜਿਵੇਂ ਕਿ ਇਮਾਰਤਾਂ, ਉਦਯੋਗਾਂ, ਨਗਰ ਪਾਲਿਕਾਵਾਂ, ਖੇਤੀਬਾੜੀ, ਡਿਸਕੌਮ, ਟਰਾਂਸਪੋਰਟ ਆਦਿ ਵਿੱਚ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ਦੇ ਵਿਸ਼ੇ ‘ਤੇ ਕੀਤੇ ਜਾ ਰਹੇ ਮਹਤਵਪੂਰਨ ਕਾਰਜਾਂ ਲਈ ਦਿੱਤਾ ਗਿਆ ਹੈ। ਸੂਬੇ ਵਿੱਚ ਊਰਜਾ ਸੰਭਾਲ ਗਤੀਵਿਧੀਆਂ ਦੇ ਪ੍ਰਭਾਵ ਬਾਰੇ ਰਿਪੋਰਟ ਦੇ ਮੁਤਾਬਕ ਸਾਲ 2019-20 ਵਿੱਚ 998000 ਮੈਗਾਵਾਟ ਊਰਜਾ ਬਚਾਈ ਗਈ। 2.16 ਲੱਖ ਊਰਜਾ ਕੁਸ਼ਲਤਾ ਵਾਲੇ ਬੀ.ਈ.ਈ. 4-ਸਟਾਰ ਰੇਟਿੰਗ ਵਾਲੇ ਖੇਤੀ ਪੰਪਸੈੱਟ ਲਗਾਏ ਗਏ। ਪੰਜਾਬ ਈਸੀਬੀਸੀ ਨੂੰ ਲਾਗੂ ਕਰਨ ਵਿੱਚ ਮੋਹਰੀ ਹੈ, 80 ਤੋਂ ਵੱਧ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਏ ਗਏ, ਈਸੀਬੀਸੀ ਅਤੇ ਗ੍ਰੀਨ ਬਿਲਡਿੰਗਾਂ ਨੂੰ ਪ੍ਰੋਤਸਾਹਿਤ ਕਰਨ ਵਿੱਚ ਮੋਹਰੀ ਸੂਬਾ, ਪੰਜਾਬ ਖੇਤੀਬਾੜੀ ਅਤੇ ਗੈਰ-ਖੇਤੀ ਖੇਤਰਾਂ ਲਈ ਡਿਸਕਾਮ ਦੁਆਰਾ ਚਲਾਏ ਗਏ ਡੀਐਸਐਮ ਪ੍ਰੋਗਰਾਮਾਂ ਵਿੱਚ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿੱਚੋਂ ਇੱਕ ਹੈ। ਪੰਜਾਬ ਉਨ੍ਹਾਂ ਸੂਬਿਆਂ ਵਿੱਚੋਂ ਇੱਕ ਹੈ ਜਿਸ ਕੋਲ ਡੀਐਸਐਮ ਸੈੱਲਾਂ ਦੇ ਕੰਮਕਾਜ ਲਈ ਸਮਰਪਿਤ ਬਜਟ ਵਿਵਸਥਾ ਹੈ।
ਪੇਡਾ ਸੂਬੇ ਵਿੱਚ ਸਰਕਾਰੀ ਸਕੂਲਾਂ ਅਤੇ ਕੇਵੀਜ਼/ਜੇਐਨਵੀਜ਼ ਵਿੱਚ ਊਰਜਾ ਕੁਸ਼ਲਤਾ ਗਤੀਵਿਧੀਆਂ ਨੂੰ ਵੀ ਲਾਗੂ ਕਰ ਰਿਹਾ ਹੈ ਅਤੇ 188 ਸਰਕਾਰੀ ਸਕੂਲਾਂ ਵਿੱਚ ਵੱਧ ਬਿਜਲੀ ਖ਼ਪਤ ਵਾਲੇ ਉਪਕਰਨਾਂ ਨੂੰ ਬੀਈਈ ਊਰਜਾ ਬਚਾਓ ਬਿਜਲੀ ਉਪਕਰਨਾਂ ਨਾਲ ਬਦਲਿਆ ਗਿਆ ਹੈ, ਪੇਂਡੂ ਪੀਣ ਵਾਲੇ ਪਾਣੀ ਦੇ ਪੰਪਿੰਗ ਸਿਸਟਮ ਵਿੱਚ 22 ਮੌਜੂਦਾ ਪੁਰਾਣੇ ਵੱਧ ਬਿਜਲੀ ਖ਼ਪਤ ਵਾਲੇ ਪੰਪ-ਸੈਟਾਂ ਨੂੰ ਊਰਜਾ ਬਚਾਓ ਬੀਈਈ 5 ਸਟਾਰ ਪੰਪ-ਸੈਟਾਂ ਨਾਲ ਬਦਲਿਆ ਗਿਆ ਹੈ, ਜਿਸ ਨਾਲ ਪੰਜਾਬ ਰਾਜ ਵਿੱਚ ਵੱਖ-ਵੱਖ ਸੈਕਟਰਾਂ ਵਿੱਚ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ਉਪਾਵਾਂ ਨੂੰ ਲਾਗੂ ਕਰਕੇ 2019-20 ਦੌਰਾਨ 562 ਐਮਯੂਜ਼ ਊਰਜਾ ਦੀ ਬਚਤ ਹੋਈ ਹੈ।
ਉਨ੍ਹਾਂ ਨੇ ਸੂਬੇ ਵਿੱਚ ਊਰਜਾ ਸੰਭਾਲ ਉਪਾਵਾਂ ਅਤੇ ਊਰਜਾ ਕੁਸ਼ਲਤਾ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਪੇਡਾ ਊਰਜਾ ਸੰਭਾਲ ਡਵੀਜ਼ਨਾਂ ਦੇ ਮੁੱਖ ਕਾਰਜਕਾਰੀ ਅਫ਼ਸਰ, ਡਾਇਰੈਕਟਰ, ਅਫ਼ਸਰਾਂ, ਇੰਜੀਨੀਅਰਾਂ ਅਤੇ ਹੋਰ ਸਬੰਧਤ ਵਿਭਾਗਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਦੌਰਾਨ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕੌਮੀ ਊਰਜਾ ਸੰਭਾਲ ਐਵਾਰਡਾਂ ਦੌਰਾਨ ਦੇਸ਼ ਵਿੱਚੋਂ ਸਟੇਟ ਪਰਫਾਰਮੈਂਸ ਐਵਾਰਡ ਵਿੱਚ ਪਹਿਲਾ ਇਨਾਮ ਪ੍ਰਾਪਤ ਕਰਨ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਪੇਡਾ ਅਤੇ ਹੋਰ ਸਬੰਧਤ ਵਿਭਾਗਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।