ਪੱਖੋਵਾਲ ਰੋਡ ਰੇਲ ਅੰਡਰ ਬ੍ਰਿਜ (ਆਰ.ਯੂ.ਬੀ-2) ਦਾ ਪਹਿਲਾ ਹਿੱਸਾ ਜੁਲਾਈ ਤੱਕ ਤਿਆਰ ਹੋ ਜਾਵੇਗਾ – ਭਾਰਤ ਭੂਸ਼ਣ ਆਸ਼ੂ
ਨਿਊਜ਼ ਪੰਜਾਬ
ਲੁਧਿਆਣਾ, 07 ਅਪ੍ਰੈਲ – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਰਾਭਾ ਨਗਰ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਨੇੜੇ ਪੱਖੋਵਾਲ ਰੋਡ ਰੇਲ ਅੰਡਰ ਬ੍ਰਿਜ (ਆਰ.ਯੂ.ਬੀ) ਦਾ ਪਹਿਲਾ ਹਿੱਸਾ ਇਸ ਸਾਲ ਜੁਲਾਈ ਤੱਕ ਤਿਆਰ ਹੋ ਜਾਵੇਗਾ। ਇਸ ਤੋਂ ਇਲਾਵਾ, ਆਰ.ਯੂ.ਬੀ. ਅਤੇ ਰੇਲ ਓਵਰ ਬ੍ਰਿਜ (ਆਰ.ਓ.ਬੀ) ਦਾ ਦੂਜਾ ਹਿੱਸਾ ਵੀ ਇਸ ਸਾਲ ਦਸੰਬਰ ਤੱਕ ਮੁਕੰਮਲ ਹੋ ਜਾਵੇਗਾ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕੱਲ ਵੀਡੀਓ ਕਾਨਫਰੰਸਿੰਗ ਰਾਹੀਂ ਕੇਂਦਰੀ ਰੇਲਵੇ ਮੰਤਰੀ ਸ੍ਰੀ ਪੀਯੂਸ਼ ਗੋਇਲ ਨਾਲ ਮੀਟਿੰਗ ਕੀਤੀ।
ਜਿਕਰਯੋਗ ਹੈ ਕਿ ਸ਼ਹਿਰ ਵਿਚ ਰੇਲ ਓਵਰ ਬ੍ਰਿਜ (ਆਰ.ਓ.ਬੀ) ਅਤੇ ਦੋ ਰੇਲ ਅੰਡਰ ਬ੍ਰਿਜ (ਆਰ.ਯੂ.ਬੀ) ਦਾ ਨਿਰਮਾਣ ਕਾਰਜ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ। ਪੱਖੋਵਾਲ ਰੋਡ ‘ਤੇ ਰੇਲ ਓਵਰ ਬ੍ਰਿਜ ਅਤੇ ਦੋ ਰੇਲ ਅੰਡਰ ਬ੍ਰਿਜ (ਆਰ.ਯੂ.ਬੀ) ਦੀ ਉਸਾਰੀ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਰਹੀ ਹੈ। ਲਗਭਗ 120 ਕਰੋੜ ਰੁਪਏ ਦੀ ਲਾਗਤ ਵਾਲੇ ਇਹ ਸਾਂਝੇ ਪ੍ਰਾਜੈਕਟ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਛੁਟਕਾਰਾ ਦੁਆਉਣਗੇ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਰੇਲਵੇ ਵੱਲੋਂ ਕੁਝ ਦੇਰੀ ਹੋਈ ਸੀ, ਜਿਸ ਕਾਰਨ ਪ੍ਰਾਜੈਕਟ ਵਿਚ ਸਮਾਂ ਲੱਗ ਰਿਹਾ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਕੇਂਦਰੀ ਰੇਲਵੇ ਮੰਤਰੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਵਿਸ਼ਵਾਸ਼ ਦਿਵਾਇਆ ਹੈ ਕਿ ਇਸ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਪੂਰਾ ਕਰ ਲਿਆ ਜਾਵੇਗਾ ਅਤੇ ਰੇਲਵੇ ਸਟਾਫ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਸਮਾਂ ਸਾਰਣੀ ਤਿਆਰ ਕੀਤੀ ਜਾਵੇ ਅਤੇ ਹਰ ਚਾਰ ਹਫ਼ਤਿਆਂ ਬਾਅਦ ਤਸਵੀਰਾਂ ਸਮੇਤ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਾਵੇ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਹ ਦੋਵੇਂ ਪ੍ਰਾਜੈਕਟ ਉਨ੍ਹਾਂ ਦੇ ਦਿਲ ਦੇ ਕਰੀਬ ਹਨ ਅਤੇ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਕਰ ਲਏ ਜਾਣਗੇ ਕਿਉਂਕਿ ਉਹ ਨਿੱਜੀ ਤੌਰ ‘ਤੇ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਰ.ਓ.ਬੀ. ਦੀ ਲੰਬਾਈ 839.83 ਮੀਟਰ ਹੋਵੇਗੀ ਅਤੇ ਇਹ ਸਿੱਧਵਾਂ ਨਹਿਰ ਵਾਲੇ ਪਾਸੇ ਤੋਂ ਹੀਰੋ ਬੇਕਰੀ ਵਾਲ ਪਾਸੇ, ਮੌਜੂਦਾ ਰੇਲਵੇ ਟਰੈਕ ਤੋਂ ਪੱਖੋਵਾਲ ਰੋਡ ਦੇ ਨਾਲ-ਨਾਲ, ਆਰ.ਯੂ.ਬੀ-1 ਦੀ ਲੰਬਾਈ 458.20 ਮੀਟਰ ਹੋਵੇਗੀ (ਹੀਰੋ ਬੇਕਰੀ ਵਾਲੇ ਪਾਸੇ ਤੋਂ ਸਿੱਧਵਾਂ ਨਹਿਰ ਤੱਕ) ਮੌਜੂਦਾ ਰੇਲਵੇ ਟਰੈਕ ਦੇ ਅਧੀਨ ਪੱਖੋਵਾਲ ਰੋਡ ਦੇ ਨਾਲ), ਜਦੋਂਕਿ ਆਰ.ਯੂ.ਬੀ-2 ਦੀ ਲੰਬਾਈ 1018.46 ਮੀਟਰ (ਇਸ਼ਮੀਤ ਰੋਡ ਤੋਂ ਰੋਟਰੀ ਕਲੱਬ ਰੋਡ ਅਤੇ ਫਿਰੋਜ਼ਪੁਰ ਰੋਡ ਅਤੇ ਇਸ਼ਮੀਤ ਰੋਡ ਵੱਲ ਪੱਖੋਵਾਲ ਰੋਡ ਵੱਲ) ਹੋਵੇਗੀ।
ਸ੍ਰੀ ਆਸ਼ੂ ਨੇ ਕਿਹਾ ਕਿ ਇਹ ਪ੍ਰਾਜੈਕਟ ਉਨ੍ਹਾਂ ਇਲਾਕਾ ਨਿਵਾਸੀਆਂ ਲਈ ਲਾਭਕਾਰੀ ਸਿੱਧ ਹੋਵੇਗਾ ਜੋ ਇਸ ਸਮੇਂ ਪੱਖੋਵਾਲ ਰੋਡ ‘ਤੇ ਭਾਰੀ ਟ੍ਰੈਫਿਕ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਉਨ੍ਹਾਂ ਦੇ ਮੁੱਖ ਵਾਅਦਿਆਂ ਵਿੱਚੋਂ ਇੱਕ ਸੀ ਜੋ ਉਨ੍ਹਾਂ ਲੁਧਿਆਣਾ (ਪੱਛਮੀ) ਹਲਕੇ ਦੇ ਵਸਨੀਕਾਂ ਨਾਲ ਕੀਤਾ ਸੀ ਅਤੇ ਉਹ ਇਸਦੀ ਨਿਗਰਾਨੀ ਨਿੱਜੀ ਤੌਰ ‘ਤੇ ਕਰ ਰਹੇ ਹਨ।
ਡੱਬੀ : ਧਾਂਦਰਾ ਮਿਸਿੰਗ ਲਿੰਕ :
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਧਾਂਦਰਾ ਪਿੰਡ ਵਿੱਚ ਰੇਲ ਓਵਰ ਬ੍ਰਿਜ ਸਬੰਧੀ ਮੁੱਦਾ ਵੀ ਕੇਂਦਰੀ ਮੰਤਰੀ ਕੋਲ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਪਿਯੂਸ਼ ਗੋਇਲ ਨੇ ਭਰੋਸਾ ਦਿਵਾਇਆ ਹੈ ਕਿ ਇਸ ਪ੍ਰਾਜੈਕਟ ਦੇ ਟੈਂਡਰ ਇਸ ਸਾਲ ਮਈ ਮਹੀਨੇ ਵਿਚ ਸ਼ੁਰੂ ਕੀਤੇ ਜਾਣਗੇ ਅਤੇ ਪ੍ਰਾਜੈਕਟ ਸਮੇਂ ਸਿਰ ਪੂਰਾ ਕਰ ਲਿਆ ਜਾਵੇਗਾ। ਇਹ ਆਰ.ਓ.ਬੀ. ਫਿਰੋਜ਼ਪੁਰ ਰੋਡ (ਐੱਨ.ਐੱਚ-95) ਨੂੰ ਦੱਖਣੀ ਬਾਈਪਾਸ ਨਾਲ ਦੋਰਾਹਾ ਤੱਕ ਜੋੜਨ ਵਿੱਚ ਸਹਾਇਤਾ ਕਰੇਗਾ।
ਸ੍ਰੀ ਆਸ਼ੂ ਨੇ ਕੇਂਦਰੀ ਮੰਤਰੀ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਨੂੰ ਇੱਕ ਮਾਡਲ ਰੇਲਵੇ ਸਟੇਸ਼ਨ ਵਜੋਂ ਵਿਕਸਤ ਕਰਨ ਦੀ ਵੀ ਅਪੀਲ ਕੀਤੀ ਅਤੇ ਸ੍ਰੀ ਪਿਯੂਸ਼ ਗੋਇਲ ਵੱਲੋਂ ਵੀ ਇਸ ਮਾਮਲੇ ਨੂੰ ਵਿਚਾਰਨ ਦਾ ਭਰੋਸਾ ਦਿੱਤਾ ਗਿਆ।