ਇਲਾਕਾ ਵਾਸੀਆਂ ਦੀ ਸਹੂਲਤ ਲਈ, ਪਿੰਡ ਝੱਮਟ ਨੇੜੇ ਨਵੇਂਂ ਪੁਲ ਦੀ ਕੀਤੀ ਜਾਵੇਗੀ ਉਸਾਰੀ – ਮਮਤਾ ਆਸ਼ੂ
ਨਿਊਜ਼ ਪੰਜਾਬ
ਲੁਧਿਆਣਾ, 07 ਅਪ੍ਰੈਲ – ਬੁਨਿਆਦੀ ਢਾਂਚੇ ਨੂੰ ਸੁਧਾਰਨ ਅਤੇ ਇਲਾਕੇ ਦੇ ਵਸਨੀਕਾਂ ਦੀ ਸਹੂਲਤ ਲਈ ਇਕ ਹੋਰ ਵੱਡੇ ਪ੍ਰਾਜੈਕਟ ਤਹਿਤ, ਪਿੰਡ ਝੱਮਟ ਨੇੜੇ 7 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਲਾਡੋਵਾਲ ਨੈਸ਼ਨਲ ਹਾਈਵੇ ਬਾਈਪਾਸ ਜੋ ਕਿ ਜਲੰਧਰ ਨੂੰ ਜਾਣ ਵਾਲੀ ਸੜ੍ਹਕ ਅਤੇ ਦੂਜੀ ਸੜ੍ਹਕ ਜੋਕਿ ਅੰਡਰਪਾਸ ਤੱਕ ਜਾਂਦੀ ਹੈ, ਦੀ ਮੁਰੰਮਤ ਵੀ ਕੀਤੀ ਜਾਵੇਗੀ।
ਝੱਮਟ ਪਿੰਡ ਨੇੜੇ ਪ੍ਰਸਤਾਵਿਤ ਬ੍ਰਿਜ ਸਾਈਟ ਦਾ ਮੁਆਇਨਾ ਕਰਦੇ ਹੋਏ ਸ੍ਰੀ ਪ੍ਰਦੀਪ ਢੱਲ, ਸ੍ਰੀ ਰਾਹੁਲ ਵਰਮਾ ਅਤੇ ਅਧਿਕਾਰੀਆਂ ਦੇ ਨਾਲ ਅੱਜ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਤਰਫੋਂ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਪੁਲ ਦੀ ਮੌਜੂਦਾ ਚੌੜਾਈ ਸਿਰਫ 3.7 ਮੀਟਰ ਹੈ ਜੋ ਵਰਤਮਾਨ ਟ੍ਰੈਫਿਕ ਨਾਲ ਨਜਿੱਠਣ ਲਈ ਬਹੁਤ ਜ਼ਿਆਦਾ ਤੰਗ ਹੈ ਅਤੇ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਝੱਮਟ ਪਿੰਡ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਰਿਹਾਇਸ਼ੀ ਕਲੋਨੀਆਂ ਦਾ ਵਿਕਾਸ ਹੋਇਆ ਹੈ ਅਤੇ ਕੁਝ ਵਿਦਿਅਕ ਸੰਸਥਾਵਾਂ ਵੀ ਖੁੱਲੀਆਂ ਹਨ। ਉਨ੍ਹਾਂ ਕਿਹਾ ਕਿ ਯਾਤਰੀ ਮੌਜੂਦਾ ਬ੍ਰਿਜ ਦੀ ਵਰਤੋਂ ਕਰ ਰਹੇ ਹਨ ਅਤੇ ਪੁਲ ਦੀ ਚੌੜਾਈ ਘੱਟ ਹੋਣ ਕਾਰਨ ਅਕਸਰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਖੁਰਾਕ, ਸਿਵਲ ਅਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਇਹ ਮਸਲਾ ਸੂਬਾ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ਤੋਂ ਬਾਅਦ ਗਲਾਡਾ, ਸਿੰਚਾਈ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਵੇਖਣ ਕੀਤਾ ਅਤੇ ਨਵੇਂ ਪੁਲ ਦੀ ਉਸਾਰੀ ਸੰਬੰਧੀ ਵਿਸਥਾਰਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਤਾਂ ਜੋ ਸੜਕੀ ਢਾਂਚੇ ਵਿਚ ਸੁਧਾਰ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਪ੍ਰਾਜੈਕਟ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ ਜਿਸ ਵਿਚ 12 ਮੀਟਰ ਦੀ ਚੌੜਾਈ ਵਾਲੇ ਨਵੇਂ ਪੁਲ ਦੀ ਉਸਾਰੀ, ਲਾਡੋਵਾਲ ਨੈਸ਼ਨਲ ਹਾਈਵੇ ਬਾਈਪਾਸ ਰਾਹੀਂ ਜਲੰਧਰ ਨੂੰ ਜੋੜਨ ਵਾਲੀ ਅਤੇ ਅੰਡਰਪਾਸ ਨੂੰ ਜੋੜਨ ਵਾਲੀ ਸੜਕ ਦੀ ਮੁਰੰਮਤ ਕਰਨਾ ਸ਼ਾਮਲ ਹੈ।
ਸ੍ਰੀਮਤੀ ਆਸ਼ੂ ਨੇ ਦੱਸਿਆ ਕਿ ਗਲਾਡਾ ਇਸ ਪ੍ਰਾਜੈਕਟ ਦੀ ਕਾਰਜਕਾਰੀ ਏਜੰਸੀ ਹੋਵੇਗੀ ਅਤੇ ਕੰਮ ਸ਼ੁਰੂ ਹੋਣ ਤੋਂ ਬਾਅਦ ਦੋ ਮਹੀਨਿਆਂ ਵਿਚ ਉਸਾਰੀ ਮੁਕੰਮਲ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਰਹੀ ਹੈ ਜੋ ਟ੍ਰੈਫਿਕ ਜਾਮ ਦੇ ਮੁੱਦੇ ਨੂੰ ਚੁੱਕਦੇ ਆ ਰਹੇ ਸਨ।
ਉਨ੍ਹਾਂ ਕਿਹਾ ਕਿ ਪ੍ਰੋਜੈਕਟ ਹੁਣ ਟੈਂਡਰ ਪੜਾਅ ਵਿੱਚ ਹੈ ਅਤੇ ਇਸਦਾ ਵਰਕ ਆਰਡਰ ਏਜੰਸੀ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਆਵਾਜਾਈ ਦੌਰਾਨ ਭੀੜ ਅਤੇ ਜਾਮ ਲੱਗਣਾ ਜਲਦ ਹੀ ਬੀਤੇ ਸਮੇਂ ਦੀਆਂ ਗੱਲਾਂ ਬਣ ਕੇ ਰਹਿ ਜਾਣਗੀਆਂ ਕਿਉਂਕਿ ਅਧਿਕਾਰੀਆਂ ਨੂੰ ਪ੍ਰਾਜੈਕਟ ਦੇ ਸਮੇਂ ਸਿਰ ਮੁੰਕਮਲ ਕਰਨ ਲਈ ਸਪੱਸ਼ਟ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸ੍ਰੀਮਤੀ ਆਸ਼ੂ ਨੇ ਕਿਹਾ ਕਿ ਉਹ ਇਸ ਪ੍ਰਾਜੈਕਟ ਦੀ ਨਿੱਜੀ ਤੌਰ ਤੇ ਨਿਗਰਾਨੀ ਕਰ ਰਹੇ ਹਨ ਅਤੇ ਲੋਕ ਕਿਸੇ ਵੀ ਮਸਲੇ ਸਬੰਧੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।