ਚੀਨ ਦੇ ਕਈ ਉਤਪਾਦਾਂ ਤੇ ਅਮਰੀਕਾ ਡਿਊਟੀ 245 ਪ੍ਰਤੀਸ਼ਤ ਹੋਈ : ਚੀਨ ਨੇ ਨਵਾਂ ਵਪਾਰ ਵਾਰਤਾਕਾਰ ਨਿਯੁਕਤ ਕੀਤਾ
ਵਾਸ਼ਿੰਗਟਨ, 16 ਅਪਰੈਲ – ਵ੍ਹਾਈਟ ਹਾਊਸ ਨੇ ਕਿਹਾ ਕਿ ਵਿਸ਼ਵ ਦੇ ਦੋ ਵੱਡੇ ਅਰਥਚਾਰਿਆਂ ਵਿਚਾਲੇ ਵਪਾਰ ਜੰਗ ਦੌਰਾਨ ਚੀਨ ਨੂੰ ਆਪਣੀ ਜਵਾਬੀ ਕਾਰਵਾਈ ਕਾਰਨ ਹੁਣ ਅਮਰੀਕਾ ‘ਚ ਦਰਾਮਦ ‘ਤੇ 245 ਫ਼ੀਸਦ ਤੱਕ ਟੈਕਸ ਦਾ ਸਾਹਮਣਾ ਕਰਨਾ ਪਵੇਗਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਟਰੁੱਥ’ ਉੱਤੇ ਮੰਗਲਵਾਰ ਨੂੰ ਵੱਖਰੇ ਤੌਰ ‘ਤੇ ਦਿੱਤੀ ਜਾਣਕਾਰੀ ‘ਚ ਕਿਹਾ ਕਿ ਚੀਨ ਨੇ ਵੱਡੇ ਬੋਇੰਗ ਸੌਦੇ ਤਹਿਤ ਜਹਾਜ਼ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਬਿਆਨ ਨੇ ਉਨ੍ਹਾਂ ਖ਼ਬਰਾਂ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਆਪਣੀਆਂ ਹਵਾਈ ਕੰਪਨੀਆਂ ਨੂੰ ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਤੋਂ ਜਹਾਜ਼ਾਂ ਦੀ ਸਪਲਾਈ ਨਾ ਲੈਣ ਲਈ ਆਖਿਆ ਹੈ।
ਚੀਨ ਨਾਲ ਤਣਾਅਪੂਰਨ ਵਪਾਰ ਯੁੱਧ ਦੇ ਵਿਚਕਾਰ, ਵ੍ਹਾਈਟ ਹਾਊਸ ਦੇ ਇੱਕ ਬਿਆਨ ਕਿ ਕੁਝ ਚੀਨੀ ਵਸਤੂਆਂ ‘ਤੇ 245% ਟੈਰਿਫ ਲੱਗੇ ਹਨ, ਨੇ ਬੀਜਿੰਗ ਵਿੱਚ ਭੰਬਲਭੂਸਾ ਪੈਦਾ ਕਰ ਦਿੱਤਾ। ਦਰਅਸਲ 245 ਪ੍ਰਤੀਸ਼ਤ ਟੈਰਿਫ ਉਨ੍ਹਾਂ ਵਸਤੂਆਂ ਤੇ ਦੱਸੇ ਜਾਂ ਰਹੇ ਹਨ ਜਿਹਨਾਂ ਤੇ ਪਹਿਲਾਂ ਹੀ 100 ਪ੍ਰਤੀਸ਼ਤ ਡਿਊਟੀ ਸੀ, ਚੀਨ ‘ਤੇ ਟਰੰਪ ਦੇ ਨਵੇਂ ਟੈਰਿਫ ਅਜੇ ਵੀ 145% ਹੀ ਹਨ।
ਇਸੇ ਦੌਰਾਨ ਚੀਨ ਨੇ ਬੁੱਧਵਾਰ ਨੂੰ ਇੱਕ ਨਵਾਂ ਵਪਾਰ ਵਾਰਤਾਕਾਰ ਨਿਯੁਕਤ ਕੀਤਾ ਜਦੋਂ ਕਿ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਇੱਕ ਦੂਜੇ ਦੇ ਸਾਮਾਨ ‘ਤੇ ਟੈਰਿਫ ਵਧਾ ਰਹੀਆਂ ਹਨ।ਚੀਨ ਦੀ ਸਰਕਾਰ ਨੇ ਕਿਹਾ ਕਿ ਲੀ ਚੇਂਗਗਾਂਗ ਵੈਂਗ ਸ਼ੋਵੇਨ ਦੀ ਥਾਂ ਲੈਣਗੇ, ਜਿਨ੍ਹਾਂ ਨੇ ਦੇਸ਼ਾਂ ਦੇ 2020 ਵਪਾਰ ਸਮਝੌਤੇ ਲਈ ਗੱਲਬਾਤ ਵਿੱਚ ਹਿੱਸਾ ਲਿਆ ਸੀ।