ਜ਼ਿਲ੍ਹੇ ‘ਚ ਕਣਕ ਦੀ ਸੁਚਾਰੂ ਖ਼ਰੀਦ ਲਈ ਕਿਸਾਨਾਂ ਲੂੰ ਯੂ.ਆਈ.ਡੀ. ਅਤੇ ਹੋਲੋਗ੍ਰਾਮ ਵਾਲੀਆਂ ਸਲਿੱਪਾਂ ਹੋਣਗੀਆਂ ਜਾਰੀ
ਨਿਊਜ਼ ਪੰਜਾਬ
ਲੁਧਿਆਣਾ, 07 ਅਪ੍ਰੈਲ – ਕੋਵਿਡ-19 ਮਹਾਂਮਾਰੀ ਦੌਰਾਨ, ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਣਕ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਇੱਕ ਕਦਮ ਹੋਰ ਅੱਗੇ ਵੱਧਦੇ ਹੋਏ, ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਸਲਿੱਪਾਂ ਜਾਰੀ ਕਰੇਗਾ ਜਿਸ ਵਿੱਚ ਯੂਨੀਕ ਇਡੈਂਟੀਫਿਕੇਸ਼ਨ (ਯੂ.ਆਈ.ਡੀ.) ਨੰਬਰ ਦੇ ਨਾਲ ਹੋਲੋਗ੍ਰਾਮ ਵੀ ਲੱਗਾ ਹੋਵੇਗਾ।
ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਖਰੀਦ ਕਾਰਜਾਂ ਦੌਰਾਨ ਅਨਾਜ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਹੋਰਾਂ ਦੁਆਰਾ ਸਰੀਰਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 10 ਅਪ੍ਰੈਲ, 2021 ਤੋਂ ਸਾਰੀਆਂ 108 ਅਨਾਜ ਮੰਡੀਆਂ ਅਤੇ ਅਸਥਾਈ ਯਾਰਡਾਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਯੂ.ਆਈ.ਡੀ. ਨੰਬਰ ਇਹ ਸੁਨਿਸ਼ਚਿਤ ਕਰੇਗਾ ਕਿ ਸਿਰਫ ਓਹੀ ਕਿਸਾਨ ਆਪਣੀ ਕਣਕ ਵੇਚਣ ਲਈ ਦਾਣਾ ਮੰਡੀ ਦੇ ਅੰਦਰ ਆ ਸਕੇਗਾ ਕਿਸਾਨ, ਜਿਸ ਨੂੰ ਸਲਿੱਪ ਜਾਰੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਲਿੱਪਾਂ ‘ਤੇ ਇੱਕ ਵਿਸ਼ੇਸ਼ ਹੋਲੋਗ੍ਰਾਮ ਹੋਵੇਗਾ ਅਤੇ ਸਿਰਫ ਅਸਲ ਸਲਿੱਪ ਧਾਰਕਾਂ ਨੂੰ ਹੀ ਅਨਾਜ ਮੰਡੀ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇਗੀ।
ਇਸ ਸੰਕਟ ਦੀ ਘੜੀ ਵਿੱਚ ਕਿਸਾਨਾਂ ਦਾ ਇੱਕ-ਇੱਕ ਦਾਣਾ ਖਰੀਦਣ ਲਈ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ, ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਹਰ ਹੀਲੇ ਲਾਗੂ ਕੀਤਾ ਜਾਵੇਗਾ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਖਰੀਦ ਦੌਰਾਨ ਮਾਰਕੀਟ ਕਮੇਟੀਆਂ ਵੱਲੋਂ ਆੜ੍ਹਤੀਆਂ ਨੂੰ ਕੂਪਨ ਜਾਰੀ ਕੀਤੇ ਜਾਣਗੇ ਜੋ ਬਾਅਦ ਵਿੱਚ ਕਿਸਾਨਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਅਨਾਜ ਮੰਡੀ ਵਿੱਚ ਭੀੜ ਤੋਂ ਬਚਣ ਲਈ ਜਗ੍ਹਾ ਦੇ ਅਧਾਰ ਤੇ ਹਰ ਦਿਨ ਜਾਂ ਵੱਖ-ਵੱਖ ਦਿਨਾਂ ਵਿੱਚ ਕਈ ਕੂਪਨ ਲੈਣ ਦੀ ਆਗਿਆ ਦਿੱਤੀ ਜਾਵੇਗੀ ਅਤੇ ਇੱਕ ਕੂਪਨ ‘ਤੇ ਕਿਸਾਨ ਇੱਕ ਟਰਾਲੀ ਲਿਆਉਣ ਦਾ ਹੀ ਹੱਕਦਾਰ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਨਾਜ ਮੰਡੀਆਂ ਵਿੱਚ ਪਹਿਲਾਂ ਹੀ ਕਿਸਾਨਾਂ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਲਈ ਵਿਸ਼ੇਸ਼ ਮਾਰਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 30×30 ਫੁੱਟ ਦੇ ਬਲਾਕਾਂ ਦੀ ਮੰਡੀਆਂ ਵਿੱਚ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਤਾਂ ਜੋ ਸਿਰਫ ਇੱਕ ਕਿਸਾਨ ਹੀ ਉਸ ਬਲਾਕ ਵਿੱਚ ਆਪਣੀ ਟਰਾਲੀ ਨੂੰ ਉਤਾਰ ਸਕੇ।
ਉਨ੍ਹਾਂ ਕਿਹਾ ਸਾਡਾ ਮੁੱਖ ਟੀਚਾ ਅਨਾਜ ਮੰਡੀਆਂ ਅਤੇ ਸਮੁੱਚੇ ਖਰੀਦ ਕਾਰਜਾਂ ਨੂੰ ਮਹਾਂਮਾਰੀ ਤੋਂ ਮੁਕਤ ਰੱਖਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੇ ਅਨਾਜ ਦੀ ਨਿਰਵਿਘਨ ਖਰੀਦ ਨੂੰ ਸੁਨਿਸ਼ਚਿਤ ਕਰਦਿਆਂ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਸਮੇਂ ਦੀ ਲੋੜ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮਾਸਕ, ਸੈਨੀਟਾਈ}ਰ, ਹੱਥ ਧੋਣ ਅਤੇ ਹੋਰ ਪ੍ਰਬੰਧਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਕਿਸਾਨਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਮੰਡੀਆਂ ਵਿੱਚ ਵਿਆਪਕ ਸੁਰੱਖਿਆ ਯੋਜਨਾ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ।