ਲੜਕੇ ਵਲੋਂ ਵਿਆਹ ਤੋਂ ਇਨਕਾਰ ਕਰਨ ‘ਤੇ ਲੜਕੀ ਨੇ ਲਿਆ ਫਾਹਾ
ਠੱਠੀ ਭਾਈ (ਮੋਗਾ), 3 ਨਵੰਬਰ (ਡਾ: ਸਵਰਨਜੀਤ ਸਿੰਘ)- ਮੋਗਾ ਜ਼ਿਲ੍ਹੇ ਦੇ ਪੁਲਿਸ ਥਾਣਾ ਸਮਾਲਸਰ ਹੇਠਲੇ ਪਿੰਡ ਮੌੜ ਨੌਂ ਆਬਾਦ ਵਿਖੇ ਇਕ ਲੜਕੀ ਵਲੋਂ ਮਾਨਸਿਕ ਤਣਾਅ ਦੇ ਚੱਲਦਿਆਂ ਅੱਜ ਸਵੇਰੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਏ. ਐਸ. ਆਈ. ਰਾਜ ਸਿੰਘ ਨੇ ਦੱਸਿਆ ਕਿ 27 ਕੁ ਸਾਲਾ (ਅਮਨਦੀਪ ਕੌਰ ਅਸਲ ਨਾਂਅ ਨਹੀਂ), ਜਿਸ ਦੇ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਥਰਾਜ ਵਾਸੀ ਇਕ ਨੌਜਵਾਨ ਨਾਲ ਪਿਛਲੇ ਕੁਝ ਸਮੇਂ ਤੋਂ ਪ੍ਰੇਮ ਸਬੰਧ ਸਨ ਅਤੇ ਇਹ ਲੜਕੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਕਤ ਲੜਕੇ ਵਲੋਂ ਵਿਆਹ ਕਰਵਾਉਣ ਤੋਂ ਆਨਾਕਾਨੀ ਕੀਤੀ ਜਾ ਰਹੀ ਸੀ। ਇਸ ਕਾਰਨ ਉਕਤ ਲੜਕੀ ਮਾਨਸਿਕ ਤਣਾਅ ‘ਚ ਰਹਿੰਦੀ ਸੀ, ਜਿਸ ਕਾਰਨ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।