ਘਰ ‘ਚੋਂ 8 ਤੋਲੇ ਗਹਿਣੇ ‘ਤੇ 2 ਲੱਖ ਦੀ ਨਕਦੀ ਚੋਰੀ
ਗੁਰਦਾਸਪੁਰ,13 ਅਕਤੂਬਰ (ਨਿਊਜ਼ ਪੰਜਾਬ) : ਗੁਰਦਾਸਪੁਰ ‘ਚ ਹਲਕਾ ਬਟਾਲਾ ਦੇ ਅੰਬੇਡਕਰ ਨਗਰ ਸਥਿਤ ਇੱਕ ਘਰ ‘ਚੋਂ ਅਣਪਛਾਤੇ ਚੋਰ ਸੋਨੇ ਦੇ ਗਹਿਣੇ ‘ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਟਰਾਂਸਪੋਰਟ ਟਰੱਕਾਂ ਦਾ ਕਾਰੋਬਾਰ ਕਰਦਾ ਹੈ। ਉਹ ਪਰਿਵਾਰ ਸਮੇਤ ਸਾਂਢੂ ਨੂੰ ਮਿਲਣ ਲਈ ਘਰ ਨੂੰ ਤਾਲੇ ਲਾ ਕੇ ਕਰਤਾਰਪੁਰ ਚਲਾ ਗਿਆ ਸੀ। ਜਦੋਂ ਘਰ ਆ ਕੇ ਦੇਖਿਆ ਤਾਂ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਕਮਰੇ ਅੰਦਰ ਰੱਖੀ ਅਲਮਾਰੀ ਦਾ ਵੀ ਤਾਲਾ ਟੁੱਟਾ ਪਾਇਆ ‘ਤੇ 3 ਸੋਨੇ ਦੀ ਚੈਨਾਂ, 3 ਸੋਨੇ ਦੇ ਕੜੇ ‘ਤੇ 3 ਸੋਨੇ ਦੀਆਂ ਅੰਗੂਠੀਆਂ ਸਮੇਤ 2 ਲੱਖ ਰੁਪਏ ਨਕਦੀ ਗਾਇਬ ਸੀ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ‘ਤੇ ਥਾਣਾ ਸਿਵਲ ਲਾਈਨ ‘ਚ ਬਣਦੀਆਂ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।