ਸਿੱਖਿਆ ਵਿਭਾਗ ਨੇ ਕੋਰੋਨਾ ਚਣੌਤੀ ਨੂੰ ਇੱਕ ਮੌਕੇ ਵਿੱਚ ਤਬਦੀਲ ਕੀਤਾ – ਸਿੱਖਿਆ ਸਕੱਤਰ

ਸਮਾਰਟ ਸਕੂਲਜ਼, ਅੰਗਰੇਜ਼ੀ ਮਾਧੀਅਮ, ਘਰ ਬੈਠੇ ਸਿੱਖਿਆ ਤੇ ਪੰਜਾਬ ਅਚੀਵਮੈਂਟ ਸਰਵੇਖਣ ਵਰਗੇ ਕਾਰਜਾਂ ਲਈ ਭਾਰੀ ਉਤਸ਼ਾਹ’ 
ਚੰਡੀਗੜ੍ਹ, 13 ਅਕਤੂਬਰ (ਨਿਊਜ਼ ਪੰਜਾਬ) : ਪੰਜਾਬ ਸਰਕਾਰ ਨੂੰ ਪਿਛਲੇ ਛੇ ਮਹੀਨਿਆਂ ਤੋਂ ਕੋਰੋਨਾ ਦੇ ਕਾਰਨ ਸਕੂਲ ਬੰਦ ਰੱਖਣ ਲਈ ਮਜ਼ਬੂਰ ਹੋਣ ਦੇ ਬਾਵਜੂਦ ਸਮੁੱਚੇ ਤੌਰ ‘ਤੇ ਸਿੱਖਿਆ ਵਿਭਾਗ ਅਤੇ ਵਿਸ਼ੇਸ਼ ਕਰਕੇ ਹੇਠਲੇ ਪੱਧਰ ‘ਤੇ ਅਧਿਆਪਕਾਂ ਨੇ ਇਸ ਚੁਣੌਤੀ ਨੂੰ ਅਸਲ ਵਿਚ ਇਕ ਮੌਕੇ ਵਿਚ ਬਦਲ ਦਿੱਤਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ ਕਿ ਭਾਵੇਂ ਸਮਾਜਕ ਦੂਰੀ ਬਣਾਈ ਰੱਖਣ ਵਾਸਤੇ ਉਨ੍ਹਾਂ ਨੂੰ ਸਕੂਲ ਬੰਦ ਰੱਖਣ ਲਈ ਮਜ਼ਬੂਰ ਹੋਣਾ ਪਿਆ ਹੈ ਪਰ ਫਿਰ ਵੀ ਇਸ ਸਮੇਂ ਦੌਰਾਨ ਵਿਭਾਗ ਨੇ ਇਸ ਮਹਾਮਾਰੀ ਦੌਰਾਨ ਨਵੀਂਆਂ ਪਹਿਲਕਦਮੀਆਂ ਕਰਦੇ ਹੋਏ ਸਿੱਖਿਆ ਦੇ ਖੇਤਰ ਵਿੱਚ ਨਵੇਂ ਰਾਹ ਕੱਢੇ ਹਨ। ਸਿੱਖਿਆ ਸਕੱਤਰ ਨੇ ਕਿਹਾ ਕਿ ਵਿਭਾਗ ਕੋਰੋਨਾ ਦੌਰਾਨ ਸਾਵਧਾਨੀਆਂ ਦੀ ਪਾਲਣਾ ਕਰਦਿਆਂ ‘ਮਿਸ਼ਨ ਸ਼ਤ-ਪ੍ਰਤੀਸ਼ਤ’, ‘ਸਮਾਰਟ ਸਕੂਲਜ਼’, ‘ਅੰਗਰੇਜ਼ੀ ਮਾਧਿਅਮ’, ‘ਈਚ ਵਨ, ਬਰਿੰਗ ਵਨ’, ‘ਘਰ ਬੈਠੇ ਸਿੱਖਿਆ’ ਅਤੇ ‘ਪੰਜਾਬ ਅਚੀਵਮੈਂਟ ਸਰਵੇਖਣ’ ਵਰਗੇ ਆਪਣੇ ਬਹੁਤ ਸਾਰੇ ਕਾਰਜਾਂ ਨੂੰ ਉਤਸ਼ਾਹ ਨਾਲ ਪੂਰਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਾਠ ਪੁਸਤਕਾਂ ਦੀ ਵੰਡ, ਮਿਡ ਡੇਅ ਮੀਲ ਆਦਿ ਵਰਗੇ ਕਰਜਾਂ ਤੋਂ ਇਲਾਵਾ ਇੱਕ ਸਾਂਝੇ ਅੰਦੋਲਨਾਂ ਰਾਹੀਂ ਲੋਕ ਲਹਿਰ ਖੜ੍ਹੀ ਕਰਕੇ ਮਾਪਿਆਂ ਖਾਸ ਕਰਦੇ ਸਮੁੱਚੇ ਲੋਕਾਂ ਨਾਲ ਸਮਾਜਿਕ ਤੰਦਾਂ ਨੂੰ ਮਜ਼ਬੂਤ ਬਣਾਇਆ ਹੈ। ਇਨ੍ਹਾਂ ਗਤੀਵਿਧੀਆਂ ਦੇ ਨਤੀਜੇ ਵਜੋਂ ਜਨਤਕ ਧਾਰਨਾ ਵਿਚ ਤਬਦੀਲੀ ਆਉਣ ਦਾ ਜ਼ਿਕਰ ਕਰਦੇ ਹੋਏ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿਚ ਜਨਤਾ ਨੇ ਵਿਸ਼ਵਾਸ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਪ੍ਰਗਟਾਵਾ ਇਸ ਤੱਥ ਤੋਂ ਹੁੰਦਾ ਹੈ ਕਿ ਇਸ ਸਾਲ ਤਕਰੀਬਨ 3.45 ਲੱਖ ਵਿਦਿਆਰਥੀਆਂ ਦੇ ਦਾਖਲੇ ਵਿਚ ਵਾਧਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 1.50 ਲੱਖ ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿਚੋਂ ਤਬਦੀਲ ਹੋ ਕੇ ਸਰਕਾਰੀ ਸਕੂਲਾਂ ਵਿੱਚ ਆਏ ਹਨ। ਸਿੱਖਿਆ ਸਕੱਤਰ ਨੇ ਕਿਹਾ ਕਿ ਹੁਣ ਵਿਭਾਗ ਦੇ ਸਾਹਮਣੇ ਚੁਣੌਤੀ ਉਨ੍ਹਾਂ ਮਾਪਿਆਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨਾ ਹੈ ਜਿਨ੍ਹਾ ਨੇ ਆਪਣੇ ਬੱਚਿਆਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਹੁਨਰ ਵਿਕਸਤ ਕਰਨ ਦੇ ਲਈ ਪ੍ਰਾਈਵੇਟ ਸਕੂਲਾਂ ਤੋਂ ਤਬਦੀਲ ਕਰਕੇ ਸਰਕਾਰੀ ਸਕੂਲਾਂ ਵਿੱਚ ਲਿਆਂਦਾ ਹੈ। ਸਿੱਖਿਆ ਸਕੱਤਰ ਨੇ ਦੱਸਿਆ ਕਿ ਫੀਡਬੈਕ ਦੇ ਅਨੁਸਾਰ ਬਹੁਤੇ ਮਾਪੇ ਇਹ ਆਸ ਕਰਦੇ ਹਨ ਕਿ ਸਰਕਾਰੀ ਸਕੂਲ ਇੱਕ ਅਜਿਹਾ ਵਾਤਾਵਰਣ ਪ੍ਰਦਾਨ ਕਰਨ ਜਿੱਥੇ ਉਨ੍ਹਾਂ ਦੇ ਬੱਚੇ ਚੰਗੀ ਤਰ੍ਹਾਂ ਅੰਗਰੇਜ਼ੀ ਬੋਲ ਸਕਣ, ਹਾਲਾਂਕਿ ਇਹ ਸਾਡੀ ਮਾਂ ਬੋਲੀ ਪੰਜਾਬੀ ਦੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਧਿਆਨ ਵਿਚ ਰੱਖਦਿਆਂ ਸਾਡੇ ਮਿਹਨਤੀ ਅਧਿਆਪਕ ਨੇ ‘ਇੰਗਲਿਸ ਬੂਸਟਰ ਕਲੱਬ’ (ਈ.ਬੀ.ਸੀ.) ਨਾਂ ਦੀ ਇਕ ਹੋਰ ਨਵੀਂ ਪਹਿਲਕਦਮੀ ਕੀਤੀ ਹੈ।