ਆਜ਼ਾਦੀ ਦਿਵਸ ਮੌਕੇ ਮੂਹਰਲੀ ਕਤਾਰ ਦੇ ਕੋਰੋਨਾ ਯੋਧਿਆਂ ਦਾ ਹੋਇਆ ਸਨਮਾਨ

ਨਿਊਜ਼ ਪੰਜਾਬ
ਨਵਾਂਸ਼ਹਿਰ, 15 ਅਗਸਤ : 74ਵੇਂ ਆਜ਼ਾਦੀ ਦਿਹਾੜੇ ਦੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਕੋਵਿਡ-19 ਖਿਲਾਫ਼ ਜੰਗ ਵਿਚ ਮੂਹਰਲੀ ਕਤਾਰ ਦੇ ਕੋਰੋਨਾ ਯੋਧਿਆਂ ਦਾ ਸਨਮਾਨ ਕੀਤਾ ਗਿਆ। ਇਨਾਂ ਕੋਰੋਨਾ ਯੋਧਿਆਂ ਵਿਚ ਜ਼ਿਲਾ ਪ੍ਰੀਸ਼ਦ ਅਧੀਨ ਆਉਂਦੇ ਰੂਰਲ ਮੈਡੀਕਲ ਅਫ਼ਸਰ, ਫਾਰਮਾਸਿਸਟ ਅਤੇ ਨਰਸਾਂ ਤੋਂ ਇਲਾਵਾ ਸਿਹਤ ਕਰਮੀ, ਪੁਲਿਸ ਕਰਮੀ, ਸਫ਼ਾਈ ਕਰਮੀ, ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਤੇ ਆਂਗਨਵਾੜੀ ਵਰਕਰਾਂ ਸ਼ਾਮਿਲ ਸਨ। ਕੋਵਿਡ ਕਾਰਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਖੇਪ ਰੂਪ ਵਿਚ ਕਰਵਾਏ ਗਏ ਇਸ ਸਮਾਗਮ ਦੌਰਾਨ ਇਨਾਂ ਯੋਧਿਆਂ ਦੀ ਤਰਫ਼ੋਂ ਵਿਭਾਗ ਮੁਖੀਆਂ ਵਲੋਂ ਉਨਾਂ ਦੇ ਸਨਮਾਨ ਹਾਸਲ ਕੀਤੇ ਗਏ। ਜ਼ਿਲਾ ਪ੍ਰੀਸ਼ਦ ਅਧੀਨ ਆਉਂਦੇ ਕੋਰੋਨਾ ਯੋਧਿਆਂ ਦੀ ਤਰਫੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਸਨਮਾਨ ਹਾਸਲ ਕੀਤਾ। ਇਸੇ ਤਰਾਂ ਸਿਹਤ ਵਿਭਾਗ ਦੇ ਕੋਰੋਨਾ ਯੋਧਿਆਂ ਦੀ ਤਰਫ਼ੋਂ ਸਿਵਲ ਸਰਜਨ ਡਾ. ਰਜਿੰਦਰ ਪ੍ਰਸਾਦ ਭਾਟੀਆ, ਪੁਲਿਸ ਵਿਭਾਗ ਦੇ ਕੋਰੋਨਾ ਯੋਧਿਆਂ ਦੀ ਤਰਫ਼ੋਂ ਪੁਲਿਸ ਕਪਤਾਨ ਮਨਵਿੰਦਰ ਬੀਰ ਸਿੰਘ, ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਅਤੇ ਆਂਗਨਵਾੜੀ ਵਰਕਰਾਂ ਦੀ ਤਰਫੋਂ ਜ਼ਿਲਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਅਤੇ ਸਫ਼ਾਈ ਕਰਮੀਆਂ ਦੀ ਤਰਫੋਂ ਕਾਰਜ ਸਾਧਕ ਅਫ਼ਸਰ ਨਵਾਂਸ਼ਹਿਰ ਰਾਜੀਵ ਸਰੀਨ ਨੇ ਸਨਮਾਨ ਹਾਸਲ ਕੀਤਾ।
ਕੈਪਸ਼ਨ :
-ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਜ਼ਿਲਾ ਪ੍ਰੀਸ਼ਦ ਅਧੀਨ ਆਉਂਦੇ ਰੂਰਲ ਮੈਡੀਕਲ ਅਫ਼ਸਰਾਂ, ਫਾਰਮਾਸਿਸਟਾਂ ਅਤੇ ਨਰਸਾਂ ਦੀ ਤਰਫੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਸਨਮਾਨ ਹਾਸਲ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ।