ਕਾਂਗਰਸੀ ਵਿਧਾਇਕ ਪੰਜਾਬ ‘ਚ ਸ਼ਰਾਬ ਮਾਫੀਆ ਚਲਾ ਰਹੇ ਹਨ : ਸੁਖਬੀਰ ਸਿੰਘ ਬਾਦਲ

newspunjab.net     ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਬਕਾਰੀ ਮਾਲੀਆ ਵਿਚ ਖੋਰਾ ਕਾਂਗਰਸੀ ਮਾਫੀਆ ਦਾ ਸਿੱਧਾ ਨਤੀਜਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਵੇਲੇ ਮਾਲੀਆ 5000 ਕਰੋੜ ਰੁਪਏ ਸੀ ਤੇ ਕਾਂਗਰਸੀ ਰਾਜਕਾਲ ਦੌਰਾਨ ਆਬਕਾਰੀ ਮਾਲੀਆ ਘਟ ਕੇ 3500 ਕਰੋੜ ਰੁਪਏ ਰਹਿ ਗਿਆ ਹੈ। ਉਹਨਾਂ ਕਿਹਾ  ਕਿ ਸਮਾਜ ਭਲਾਈ ਸਕੀਮਾਂ ਚਲਾਉਣ ਵਾਸਤੇ ਕੋਈ ਪੈਸਾ ਕਿਉਂ ਨਹੀਂ ਹੈ ਤੇ ਆਟਾ ਦਾਲ ਸਕੀਮ ਦੇ ਕਾਰਡ ਕਿਉਂ ਕੱਟੇ ਜਾ ਰਹੇ ਹਨ ਅਤੇ ਸਮਾਜ ਭਲਾਈ ਲਈ ਖਰਚ ਜਾਰੀ ਨਹੀਂ ਕੀਤਾ ਜਾ ਰਿਹਾ ।

ਹਰਜੀਤ ਸਿੰਘ ਬਿੱਲੂ ਖੰਨਾ – ਨਿਊਜ਼ ਪੰਜਾਬ

ਖੰਨਾ, 14 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਦੇ ਵਿਧਾਇਕ ਹੀ ਪੰਜਾਬ ਵਿਚ ਸ਼ਰਾਬ ਮਾਫੀਆ ਚਲਾ ਰਹੇ ਹਨ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਇਸ ਘੁਟਾਲੇ ਵਿਚ ‘ਭਾਗੀਦਾਰ’ ਹੈ ਅਤੇ ਇਸੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ।
ਇਥੇ ਕਾਂਗਰਸ ਦੇ ਸ਼ਰਾਬ ਮਾਫੀਆ ਦੀ ਪੁਸ਼ਤ ਪਨਾਹੀ ਹੇਠ ਬਾਹੋਮਾਜਰਾ ਵਿਚ ਚਲ ਰਹੀ ਨਜਾਇਜ਼ ਸ਼ਰਾਬ ਫੈਕਟਰੀ ਦੇ ਖਿਲਾਫ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸੀਆਂ ਨੇ ਸੂਬੇ ਦੀ ਖੁੱਲ•ੀ ਲੁੱਟ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ 5600 ਕਰੋੜ ਰੁਪਏ ਦੇ ਆਬਕਾਰੀ ਮਾਲੀਆ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਹਾਲ ਹੀ ਵਿਚ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਨਾਲ 130 ਜਣਿਆਂ ਦੀ ਮੌਤ ਹੋ ਗਈ ਹੈ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਲੋਕਾਂ ਦੀਆਂ  ਮੁਸ਼ਕਿਲਾਂ ਪ੍ਰਤੀ ਬਹੁਤ ਬੇਰੁਖ ਹਨ ਤੇ ਉਹਨਾਂ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਸਿਰਫ 7 ਵਾਰ ਪੰਜਾਬ ਦਾ ਦੌਰਾ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਿਰਫ ਇਕ ਵਾਰ ਆਪਣੇ ਜੱਦੀ ਸ਼ਹਿਰ ਪਟਿਆਲਾ ਗਏ ਹਨ। ਉਹਨਾਂ ਕਿਹਾ ਕਿ ਸਾਡਾ ਅਜਿਹਾ ਕਦੇ ਵੀ ਮੁੱਖ ਮੰਤਰੀ ਨਹੀਂ ਰਿਹਾ ਜੋ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਵੇ ਅਤੇ ਚੰਡੀਗੜ• ਵਿਚ ਆਪਣੇ ਫਾਰਮ ਹਾਊਸ ਦੇ ਅੰਦਰ ਬਿਰਾਜਮਾਨ  ਹੋਵੇ ਲੋਕਾਂ ਨੂੰ ਮਿਲਣ ਤੋਂ ਇਨਕਾਰੀ ਹੋਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਕਾਰਨ ਕਾਂਗਰਸੀ ਵਿਧਾਇਕਾਂ ਨੇ ਆਪਣੇ ਸ਼ਰਾਬ ਤੇ ਰੇਤ ਮਾਫੀਆ ਬਣਾ ਲਏ ਹਨ ਤੇ ਉਹ ਲੋਕਾਂ ਦੇ ਨਾਲ ਨਾਲ ਸਰਕਾਰੀ ਖ਼ਜ਼ਾਨੇ ਦੀ ਲੁੱਟ ਵੀ ਮਰਜ਼ੀ ਅਨੁਸਾਰ ਕਰ ਰਹੇ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਆਬਕਾਰੀ ਮਾਲੀਆ ਵਿਚ ਖੋਰਾ ਕਾਂਗਰਸੀ ਮਾਫੀਆ ਦਾ ਸਿੱਧਾ ਨਤੀਜਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਵੇਲੇ ਮਾਲੀਆ 5000 ਕਰੋੜ ਰੁਪਏ ਸੀ ਤੇ ਕਾਂਗਰਸੀ ਰਾਜਕਾਲ ਦੌਰਾਨ ਆਬਕਾਰੀ ਮਾਲੀਆ ਘਟ ਕੇ 3500 ਕਰੋੜ ਰੁਪਏ ਰਹਿ ਗਿਆ ਹੈ। ਉਹਨਾਂ ਕਿਹਾ  ਕਿ ਸਮਾਜ ਭਲਾਈ ਸਕੀਮਾਂ ਚਲਾਉਣ ਵਾਸਤੇ ਕੋਈ ਪੈਸਾ ਕਿਉਂ ਨਹੀਂ ਹੈ ਤੇ ਆਟਾ ਦਾਲ ਸਕੀਮ ਦੇ ਕਾਰਡ ਕਿਉਂ ਕੱਟੇ ਜਾ ਰਹੇ ਹਨ ਅਤੇ ਸਮਾਜ ਭਲਾਈ ਲਈ ਖਰਚ ਜਾਰੀ ਨਹੀਂ ਕੀਤਾ ਜਾ ਰਿਹਾ ।
ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦਾ ਪਰਿਵਾਰ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਵੇਲੇ ਕਿਸਾਨਾਂ ਨੂੰ ਮੁਫਤ ਬਿਜਲੀ ਮਿਲੀ, ਕਮਜ਼ੋਰ ਵਰਗਾਂ ਨੂੰ ਆਟਾ ਦਾਲ ਅਤੇ ਸ਼ਗਨ ਸਕੀਮਾਂ ਮਿਲੀਆਂ ਜਦਕਿ ਬਿਜਲੀ ਸਰਪਲੱਸ ਕੀਤੀ ਗਈ ਤੇ ਵਿਸ਼ਪ ਪੱਧਰੀ ਬੁਨਿਆਦੀ ਢਾਂਚੇ ਦੀ ਸਿਰਜਣਾ ਕੀਤੀ ਗਈ। ਉਹਨਾਂ ਐਲਾਨ ਕੀਤਾ ਕਿ ਅਕਾਲੀ ਦਲ ਤੇ ਭਾਜਪਾ ਦੇ ਮੁੜ ਸੱਤਾ ਵਿਚ ਆਉਣ ‘ਤੇ ਨਵੀਂ ਸਰਕਾਰ ਦਾ ਮੁੱਖ ਧਿਆਨ ਸੂਬੇ ਦੇ ਸਾਰੇ 12700 ਪਿੰਡਾਂ ਵਿਚ ਸਾਰੀਆਂ ਸੜਕਾਂ ਨੂੰ ਮਜ਼ਬੂਤ ਤੇ ਨਾਲਿਆ ਨੂੰ ਪੱਕਾ ਕਰਨਾ ਹੋਵੇਗਾ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਇਸ ਮੌਕੇ ਸੀਨੀਅਰ ਪਾਰਟੀ ਆਗੂ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੰਗ ਕੀਤੀ ਕਿ ਪੁਲਿਸ ਕਾਂਗਰਸੀ ਵਿਧਾਇਕ ਗੁਰਕੀਰਤ ਕੋਟਲੀ ਦੀ ਨਜਾਇਜ਼ ਸ਼ਰਾਬ ਫੈਕਟਰੀ ਕੇਸ ਵਿਚ ਭੂਮਿਕਾ ਦੀ ਜਾਂਚ ਕਰੇ। ਉਹਨਾਂ ਕਿਹਾ ਕਿ ਖੰਨਾ ਪੁਲਿਸ ਜਾਣ ਬੁੱਝ ਕੇ ਛੋਟੀਆਂ ਮੱਛੀਆਂ ਨੂੰ ਫੜ ਰਹੀ ਹੈ ਤੇ ਉਹਨਾਂ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ ਜਿਹਨਾਂ ਨੇ ਇਹ ਸ਼ਰਾਬ ਫੈਕਟਰੀ ਲਗਾਈ ਹੈ। ਸ੍ਰੀ ਗਰੇਵਾਲ ਨੇ ਪੁਲਿਸ ਅਫਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਅਸਲ ਦੋਸ਼ੀਆਂ ਨੂੰ ਬਚਾਉਣ ਤੋਂ ਗੁਰੇਜ਼ ਕਰਨ ਤੇ ਜੇਕਰ ਇਹਨਾਂ ਨੇ ਨਿਆਂ ਨਾ ਦਿੱਤਾ ਤਾਂ ਫਿਰ ਅਕਾਲੀ ਦਲ ਤੇ ਭਾਜਪਾ ਸਰਕਾਰ ਆਉਣ ‘ਤੇ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਜਾਇਜ਼ ਸ਼ਰਾਬ ਫੈਕਟਰੀ ਉਦੋਂ ਬਹੁਤ ਚੰਗੇ ਢੰਗ ਨਾਲ ਚੱਲੀ ਜਦੋਂ ਵਿਵਾਦਗ੍ਰਸਤ ਐਸ ਐਚ ਓ ਬਲਜਿੰਦਰ ਸਿੰਘ, ਜਿਸਨੇ ਇਕ ਗੁਰਸਿੱਖ ਪਰਿਵਾਰ ਤੇ ਇਕ ਦਲਿਤ ‘ਤੇ ਤਸ਼ੱਦਦ ਢਾਹਿਆ ਸੀ, ਇਸ ਸ਼ਹਿਰ ਵਿਚ ਤਾਇਨਾਤ ਸੀ। ਉਹਨਾਂ ਮੰਗ ਕੀਤੀ ਕਿ ਉਹਨਾਂ ਸਾਰੇ ਪੁਲਿਸ ਅਫਸਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਜਿਹਨਾਂ ਨੇ ਹਾਲ ਹੀ ਵਿਚ ਵਾਪਰੀ ਨਜਾਇਜ਼ ਸ਼ਰਾਬ ਤ੍ਰਾਸਦੀ ਦੇ ਮਾਮਲੇ ਵਿਚ ਡਿਊਟੀ ਵਿਚ ਕੁਤਾਹੀ ਕੀਤੀ ਹੈ। ਉਹਨਾਂ ਕਿਹਾ ਕਿ ਤਰਨਤਾਰਨ ਦੇ ਇਕ ਐਸ ਐਚ ਓ ਤੇ ਇਕ ਡੀ ਐਸ ਪੀ ਦੇ ਖਿਲਾਫ ਤਾਂ ਕਾਰਵਾਈ ਕਰ ਦਿੱਤੀ ਗਈ ਹੈ ਜਦਕਿ ਐਸ ਐਸ ਪੀ ਧਰੁਵ ਦਾਹੀਆ ਨੂੰ ਅੰਮ੍ਰਿਤਸਰ ਦਿਹਾਤੀ ਦਾ ਐਸ ਐਸ ਪੀ ਨਿਯੁਕਤ ਕਰ ਕੇ ਇਨਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਵੀ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਅਜਿਹੇ ਅਫਸਰ ਖਿਲਾਫ ਕਾਰਵਾਈ ਕਰਨ ਦੀ ਥਾਂ ਉਸਦੀ ਹਮਾਇਤ ਵਿਚ ਨਿਤਰੇ ਹਨ ਜਿਸ ‘ਤੇ ਜਲੰਧਰ ਵਿਚ ਨਗਦੀ ਬਰਾਮਦ ਕਰਨ ਦੇ ਕੇਸ ਵਿਚ ਦਿਨ ਦਿਹਾੜੇ ਡਾਕਾ ਮਾਰਨ ਦੇ ਦੋਸ਼ ਲੱਗੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਚਰਨਜੀਤ ਸਿੰਘ ਅਟਵਾਲ, ਸ੍ਰੀ ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਸੰਤਾ ਸਿੰਘ ਉਮੈਦਪੁਰੀ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੀ ਹਾਜ਼ਰ ਸਨ।