ਸਿਹਤ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਵਿਸ਼ੇਸ਼ ਸਕੱਤਰ ਵੱਲੋਂ ਰਾਜਿੰਦਰਾ ਹਸਪਤਾਲ ‘ਚ ਕੋਵਿਡ ਮਰੀਜਾਂ ਦੇ ਇਲਾਜ ਦਾ ਜਾਇਜ਼ਾ

-ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਟੈਸਟਿੰਗ ਹੋਰ ਵਧਾਈ ਜਾਵੇ-ਅਮਿਤ ਕੁਮਾਰ
-ਐਮਰਜੈਂਸੀ ਕੇਸਾਂ ‘ਚ ਕੋਵਿਡ ਦਾ ਜਲਦੀ ਪਤਾ ਲਗਾਉਣ ਲਈ ਰਾਜਿੰਦਰਾ ਹਸਪਤਾਲ ਵਿਖੇ ਟਰੂਨੈਟ ਮਸ਼ੀਨ ਨਾਲ ਟੈਸਟਿੰਗ ਦੀ ਵੀ ਸ਼ੁਰੂਆਤ

ਨਿਊਜ਼ ਪੰਜਾਬ

ਪਟਿਆਲਾ, 8 ਅਗਸਤ: ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਅਮਿਤ ਕੁਮਾਰ ਨੇ ਅੱਜ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦਾ ਦੌਰਾ ਕਰਕੇ ਜ਼ਿਲ੍ਹੇ ‘ਚ ਕੋਵਿਡ ਦੀ ਸਥਿਤੀ ਤੇ ਕੋਵਿਡ ਮਰੀਜ਼ਾਂ ਦੇ ਇਲਾਜ ਅਤੇ ਸਾਂਭ-ਸੰਭਾਲ ਦਾ ਜਾਇਜ਼ਾ ਲਿਆ। ਇਸ ਮੌਕੇ ਰਾਜਿੰਦਰਾ ਹਸਪਤਾਲ ਵਿਖੇ ਐਮਰਜੈਂਸੀ ਤੇ ਸਰਜਰੀ ਕੇਸਾਂ ਅਤੇ ਕੋਰੋਨਾ ਯੋਧਿਆਂ ਦੀ ਕੋਵਿਡ ਜਾਂਚ ਕਰਨ ਲਈ ਟਰੂ ਨੈਟ ਮਸ਼ੀਨ ਦੀ ਵੀ ਸ਼ੁਰੂਆਤ ਕੀਤੀ ਗਈ।
ਇਸ ਦੌਰਾਨ ਸ੍ਰੀ ਅਮਿਤ ਕੁਮਾਰ ਨੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਪੀਡੀਏ ਦੇ ਮੁੱਖ ਪ੍ਰਸ਼ਾਸਕ ਤੇ ਕੋਵਿਡ ਕੇਅਰ ਦੇ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ, ਸਹਾਇਕ ਕਮਿਸ਼ਨ (ਯੂ.ਟੀ.) ਡਾ. ਨਿਰਮਲ ਓਸੀਪਚਨ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਡਾ. ਡਾ. ਅਵਨੀਸ਼ ਕੁਮਾਰ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ, ਡਾ. ਗਿਰੀਸ਼ ਸਾਹਨੀ ਨਾਲ ਮੀਟਿੰਗ ਕਰਕੇ ਜ਼ਿਲ੍ਹੇ ‘ਚ ਟੈਸਟਿੰਗ ਸਮਰੱਥਾ ਵਧਾਉਣ ਅਤੇ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਚਰਚਾ ਕੀਤੀ।

ਸ੍ਰੀ ਅਮਿਤ ਕੁਮਾਰ ਨੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ‘ਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਟੈਸਟਿੰਗ ਵਧਾਈ ਜਾਵੇ ਤਾਂ ਕਿ ਮਹਾਂਮਾਰੀ ਦੀ ਲਾਗ ਅੱਗੇ ਨਾ ਫੈਲਾਉਣ। ਉਨ੍ਹਾਂ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਟੈਸਟਿੰਗ ਕਰਵਾਈ ਜਾਵੇ ਤਾਂ ਕਿ ਪਾਜ਼ਿਟਿਵ ਆਉਣ ‘ਤੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਹੋ ਸਕੇ। ਉਨ੍ਹਾਂ ਕਿਹਾ ਕਿ ਕੰਟੇਨਮੈਂਟ ਜੋਨਾਂ ‘ਚ 100 ਫੀਸਦੀ ਟੈਸਟਿੰਗ ਕਰਵਾਈ ਜਾਵੇ ਅਤੇ ਕੋਵਿਡ ਸੰਪਰਕਾਂ ਦਾ ਪਤਾ ਲਾਉਣ ‘ਤੇ ਜ਼ੋਰ ਦਿੱਤਾ ਜਾਵੇ।
ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ‘ਚ ਦਾਖਲ ਮਰੀਜਾਂ ਦੀ ਸਿਹਤ ਜਾਂਚ ਨਿਰਧਾਰਤ ਮਾਪਦੰਡਾਂ ਮੁਤਾਬਕ ਕਰਵਾਉਣੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਸ੍ਰੀ ਅਮਿਤ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਿਸ਼ਨ ਫ਼ਤਿਹ ਤਹਿਤ ਕਿਸੇ ਵੀ ਤਰ੍ਹਾਂ ਦੀ ਬੁਨਿਆਦੀ ਢਾਂਚੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਸ੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਹਰਿਆਣਾ ਸਮੇਤ ਪੰਜਾਬ ਦੇ ਹੋਰਨਾਂ ਵੱਡੇ ਸ਼ਹਿਰਾਂ ਦੇ ਨਿਜੀ ਹਸਪਤਾਲਾਂ ਤੋਂ ਮਰੀਜ ਕਾਫ਼ੀ ਗੰਭੀਰ ਹਾਲਤ ‘ਚ ਹੀ ਆਉਂਦੇ ਹਨ ਪ੍ਰੰਤੂ ਸਾਡੇ ਡਾਕਟਰ ਅਤੇ ਹੋਰ ਮੈਡੀਕਲ ਅਮਲਾ ਆਪਣੀ ਜਾਨ ਜੋਖ਼ਮ ‘ਚ ਪਾ ਕੇ ਮਰੀਜਾਂ ਦੀ ਨਿਰੰਤਰ ਸੰਭਾਲ ਕਰਨ ਲਈ ਵਚਨਬੱਧ ਹੈ।
ਵਿਸ਼ੇਸ਼ ਸਕੱਤਰ ਨੇ ਰਾਜਿੰਦਰਾ ਹਸਪਤਾਲ ਇਕਲੌਤਾ ਹਸਪਤਾਲ ਹੈ, ਜਿੱਥੇ ਕੋਵਿਡ ਆਈਸੋਲੇਸ਼ਨ ਵਾਰਡ ‘ਚ ਹੀ ਡਾਇਲਸਿਸ ਦੀ ਸੁਵਿਧਾ ਉਪਲਬਧ ਹੈ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਤੱਕ 29 ਹਜ਼ਾਰ ਪ੍ਰਤੀ 10 ਲੱਖ ਸੈਂਪਲ ਟੈਸਟ ਦੇ ਹਿਸਾਬ ਨਾਲ 49 ਹਜ਼ਾਰ ਸੈਂਪਲ ਟੈਸਟ ਹੋਏ ਹਨ ਤੇ ਜ਼ਿਲ੍ਹੇ ‘ਚ 18 ਫਲੂ ਕਾਰਨਰ  ਅਤੇ 47 ਆਰ.ਆਰ. ਟੀਮਾਂ ਕੰਮ ਕਰ ਰਹੀਆਂ ਹਨ।

************
-ਫੋਟੋ ਕੈਪਸ਼ਨ- ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਅਮਿਤ ਕੁਮਾਰ ਕੋਵਿਡ ਕੇਅਰ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੇ ਐਮ.ਐਸ. ਆਦਿ ਨਾਲ ਗੱਲਬਾਤ ਕਰਦੇ ਹੋਏ।
-ਫੋਟੋ ਕੈਪਸ਼ਨ- ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਅਮਿਤ ਕੁਮਾਰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਟਰੂ ਨੈਟ ਮਸ਼ੀਨ ਦੀ ਸ਼ੁਰੂਆਤ ਕਰਵਾਉਂਦੇ ਹੋਏ।