ਰੋਸ ਮੁਜ਼ਾਹਰੇ ਕਰਨ ਅਤੇ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ

ਨਿਊਜ਼ ਪੰਜਾਬ
ਨਵਾਂਸ਼ਹਿਰ, 8 ਅਗਸਤ :ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਲੋਕ ਹਿੱਤ ਵਿੱਚ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਅਮਨ-ਕਾਨੂੰਨ ਦੀ ਕਾਇਮੀ ਰੱਖਣ ਵਾਸਤੇ ਪੰਜ ਜਾਂ ਪੰਜ ਤੋਂ ਵੱਧ ਵਿਅਤਕੀਆਂ ਦੇ ਇਕੱਠੇ ਹੋਣ ਜਾਂ ਮੀਟਿੰਗ ਕਰਨ, ਨਾਅਰੇ ਲਾਉਣ/ਭੜਕਾਊ ਭਾਸ਼ਣ ਦੇਣ, ਬਿਨਾਂ ਪ੍ਰਵਾਨਗੀ ਜਨਤਕ ਥਾਂਵਾਂ ’ਤੇ ਜਲੂਸ ਕੱਢਣ/ਮੀਟਿੰਗ ਕਰਨ/ਰੈਲੀ ਕਰਨ ’ਤੇ ਪਾਬੰਦੀ ਲਾਈ ਹੈ। ਇਹ ਪਾਬੰਦੀ 3 ਅਕਤੂਬਰ 2020 ਤੱਕ ਲਾਗੂ ਰਹੇਗੀ। ਉਨਾਂ ਕਿਹਾ ਕਿ ਵਿਸ਼ੇਸ਼ ਹਾਲਤਾਂ ਵਿੱਚ ਉੱਪ ਮੰਡਲ ਮੈਜਿਸਟ੍ਰੇਟਾਂ ਪਾਸੋਂ ਅਗਾਊਂ ਪ੍ਰਵਾਨਗੀ ਲੈ ਕੇ ਜਨਤਕ ਮੀਟਿੰਗਾਂ, ਜਲੂਸ ਜਾਂ ਰੈਲੀ ਕੀਤੀ ਜਾ ਸਕਦੀ ਹੈ ਪਰੰਤੂ ਕੋਵਿਡ-19 ਦੇ ਪ੍ਰੋਟੋਕਾਲ ਦੀ ਪਾਲਣਾ ਲਾਜ਼ਮੀ ਹੋਵੇਗੀ। ਉਨਾਂ ਨੇ ਪੁਲੀਸ/ਆਰਮੀ, ਪੈਰਾ ਮਿਲਟਰੀ ਫੋਰਸਾਂ ਤੇ ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਅਤੇ ਕੋਵਿਡ-19 ਦੌਰਾਨ ਪ੍ਰਸ਼ਾਸਨ ਤੋਂ ਅਗਾਊਂ ਮਨਜ਼ੂਰੀ ਲੈਣ ਦੀ ਸ਼ਰਤ ’ਤੇ ਵਿਆਹ/ਸੋਗਮਈ ਸਮਾਗਮਾਂ/ਧਾਰਮਿਕ ਸਥਾਨਾਂ ਦੇ ਇਕੱਠਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਹੈ।