ਮਿਕਸਲੈਂਡ ਇਲਾਕੇ ਪੱਕੇ ਤੋਰ ਤੇ ਉਦਯੋਗਿਕ ਖੇਤਰ ਐਲਾਨੇ ਜਾਣ – ਜਨਤਾ ਨਗਰ ਸਮਾਲ ਸਕੇਲ ਮੈਨੂਫੈਕਚ੍ਰਰਜ਼ ਐਸੋਸਿਏਸ਼ਨ ਨੇ ਪੰਜਾਬ ਸਰਕਾਰ ਤੋਂ ਕੀਤੀ ਮੰਗ

ਨਿਊਜ਼ ਪੰਜਾਬ

ਲੁਧਿਆਣਾ , 3 ਅਗਸਤ – ਜਨਤਾ ਨਗਰ ਸਮਾਲ ਸਕੇਲ ਮੈਨੂਫੈਕਚ੍ਰਰਜ਼ ਐਸੋਸਿਏਸ਼ਨ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਲੁਧਿਆਣਾ ਦੇ 72 ਤੋਂ ਵੱਧ ਮੁਹੱਲੇ ਜਿਨ੍ਹਾਂ ਨੂੰ ਰਾਜ ਸਰਕਾਰ ਵਲੋਂ ਮਿਕਸਲੈਂਡ ਇਲਾਕਿਆਂ ਦਾ 2023 ਤਕ ਉਦਯੋਗਿਕ ਖੇਤਰ ਦਾ ਦਰਜ਼ਾ ਦਿੱਤੋ ਹੋਇਆ ਹੈ ਨੂੰ ਪੱਕੇ ਤੋਰ ਤੇ ਉਦਯੋਗਿਕ ਇਲਾਕੇ ਵਜੋਂ ਮਾਨਤਾ ਦਿੱਤੀ ਜਾਵੇ ਅਤੇ 2008 ਵਿੱਚ ਮਿਕਸਲੈਂਡ ਡਿਕਲੇਅਰ ਕਰਨ ਸਮੇ ਇਸ ਤੋਂ ਬਾਹਰ ਰੱਖੇ ਇਲਾਕੇ ਵੀ ਉਦਯੋਗਿਕ ਖੇਤਰ ਵਿੱਚ ਪਾਏ ਜਾਣ |
ਜਨਤਾ ਨਗਰ ਸਮਾਲ ਸਕੇਲ ਮੈਨੂਫੈਕਚ੍ਰਰਜ਼ ਐਸੋਸਿਏਸ਼ਨ ਦੀ ਇੱਕ ਮੀਟਿੰਗ ਸ੍ਰ.ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ
ਹੇਠ ਹੋਈ ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸ . ਠੁਕਰਾਲ ਨੇ ਕਿਹਾ ਕਿ ਪੰਜਾਬ ਰਿਜ਼ਨਲ , ਟਾਊਨ ਪਲੈਨਿੰਗ ਅਤੇ ਡਿਵੇਲਪਮੈਂਟ ਬੋਰਡ ਵਲੋਂ 2008 ਵਿਚ ਲੁਧਿਆਣਾ ਸ਼ਹਿਰ ਸਮੇਤ ਪੂਰੇ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਮਾਸਟਰ ਪਲਾਨ ਤਿਆਰ ਕੀਤਾ ਗਿਆ ਸੀ । ਇਸ ਮਾਸਟਰ ਪਲਾਨ ਨੂੰ ਤਿਆਰ ਕਰਨ ਸਮੇਂ ਬਹੁਤ ਖਾਮੀਆਂ ਰਹਿ ਗਈਆਂ ਸੀ ਜਿਵੇਂ ਕਿ 70 % ਤੋਂ ਵੱਧ ਇੰਡਸਟਰੀ ਚੱਲਣ ਵਾਲੇ 72 ਮੁਹਲਿਆਂ ਨੂੰ ਮਿਕਸ ਲੈਂਡ ਯੂਜ਼ ਇਲਾਕੇ ਘੋਸ਼ਿਤ ਕਰ ਦਿੱਤੇ ਸਨ । ਭਾਵੇਂ ਇਹ ਮਾਸਟਰ ਪਲਾਨ 10 ਸਾਲਾਂ ਲਈ ਬਣਾਇਆ ਗਿਆ ਸੀ ਪ੍ਰੰਤੂ ਪਿਛਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਸ ਦੀ ਸਮਾਂ ਸੀਮਾ ਵਧਾਉਂਦੇ ਹੋਏ 2023 ਨਵੰਬਰ ਤੱਕ ਵਧਾ ਦਿੱਤਾ ਸੀ । ਹੁਣ ਜਦੋਂ ਪੰਜਾਬ ਰਿਜ਼ਨਲ ਅਤੇ ਟਾਊਨ ਪਲੈਨਿੰਗ ਅਤੇ ਡਿਵੈਲਪਮੈਂਟ ਬੋਰਡ ਦੀ 40 ਵੀਂ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਮਾਸਟਰ ਪਲਾਨ ਬਣਨ ਦੋਰਾਨ ਜੋ ਖਾਮੀਆਂ ਰਹਿ ਗਈਆਂ ਸਨ ਉਨ੍ਹਾਂ ਵਿਚ ਸੋਧ ਕੀਤੀ ਜਾਣੀ ਹੈ ਤਾਂ ਐਸੋਸੀਏਸ਼ਨ ਵੱਲੋਂ ਜਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਨੂੰ ਸੁਝਾਅ ਭੇਜੇ ਗਏ ਹਨ ।

ਸ . ਠੁਕਰਾਲ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਇਸ ਸੰਬੰਧੀ ਲਿਖਿਤ ਵਿੱਚ ਭੇਜਿਆ ਗਿਆ ਹੈ ਕਿ ਲੁਧਿਆਣਾ ਸ਼ਹਿਰ ਦੇ 72 ਮੁਹੱਲੇ ਜਿਨ੍ਹਾਂ ਵਿਚ 70 % ਤੋਂ ਵੱਧ ਇੰਡਸਟਰੀ ਚੱਲ ਰਹੀ ਹੈ ਜਿਨ੍ਹਾਂ ਨੂੰ ਮਾਸਟਰ ਪਲਾਨ ਬਣਨ ਸਮੇਂ ਮਿਕਸ ਲੈਂਡ ਯੂਜ਼ ਇਲਾਕੇ ਵਜੋਂ ਐਲਾਨਿਆ ਗਿਆ ਸੀ ,ਜਦੋ ਕਿ ਨਿਊ ਜਨਤਾ ਨਗਰ , ਸ਼ਿਮਲਾਪੁਰੀ , ਨਿਊ ਸ਼ਿਮਲਾਪੁਰੀ ਵਰਗੇ ਇਲਾਕਿਆਂ ਜਿਨ੍ਹਾਂ ਵਿੱਚ ਵਧੇਰੇ ਇੰਡਸਟਰੀ ਹੋਣ ਦੇ ਬਾਵਜੂਦ ਰਿਹਾਇਸ਼ੀ ਇਲਾਕੇ ਕਰਾਰ ਦੇ ਦਿੱਤਾ ਗਿਆ ਸੀ I ਇੱਹ ਮੋਜੂਦਾ ਮਾਸਟਰ ਪਲਾਨ ਦੀ ਅਜਿਹੀ ਖਾਮੀ ਹੈ ਜਿਸ ਨਾਲ ਛੋਟੀ ਇੰਡਸਟਰੀ ਪਿਛਲੇ 12 ਸਾਲਾਂ ਤੋਂ ਸੰਤਾਪ ਭੋਗ ਰਹੀ ਹੈ ਜਿਸ ਕਾਰਨ ਇਥੇ ਸਥਾਪਿਤ ਲਘੂ ਉਦਯੋਗ ਸਰਕਾਰ ਦੀ ਹਰ ਸਹੂਲਤ ਤੋਂ ਵਾਂਝੀ ਰਹਿ ਰਹੀ ਹੈ ।

ਸ . ਠੁਕਰਾਲ ਨੇ ਆਪਣੇ ਭੇਜੇ ਸੁਝਾਅ ਵਿੱਚ ਲਿਖਿਆ ਕਿ ਇਨ੍ਹਾਂ 72 ਮੁਹੱਲਿਆਂ ਦੇ ਨਾਲ ਨਾਲ ਨਿਊ ਜਨਤਾ ਨਗਰ , ਸ਼ਿਮਲਾਪੁਰੀ ਅਤੇ ਨਿਊ ਸ਼ਿਮਲਾਪੁਰੀ ਇਲਾਕਿਆਂ ਨੂੰ ਇੰਡਸਟਰੀਅਲ ਏਰੀਆਂ ਐਲਾਨਿਆ ਜਾਵੇ । ਸ . ਠੁਕਰਾਲ ਨੇ ਕਿਹਾ ਕਿ ਇਸ ਵਾਰ ਸਮਾਂ ਸੀਮਾ ਨਾ ਵਧਾਈ ਜਾਵੇ ਕਿਉਂਕਿ ਸਮਾਂ ਸੀਮਾ ਵਧਾਉਣ ਨਾਲ ਇਨ੍ਹਾਂ ਇਲਾਕਿਆਂ ਵਿਚ ਵਸੀ ਇੰਡਸਟਰੀ ਤੇ ਤਲਵਾਰ ਲਟਕਦੀ ਰਹਿੰਦੀ ਹੈ ਪਰ ਕੋਈ ਸਰਕਾਰੀ ਸਹੂਲਤ ਨਹੀਂ ਮਿਲਦੀ ਇਸ ਲਈ ਇਨ੍ਹਾਂ ਮਿਕਸ ਲੈਂਡ ਵਾਲੇ ਇਲਾਕਿਆਂ ਨੂੰ ਪੱਕੇ ਤੋਰ ਤੇ ਉਦਯੋਗਿਕ ਖੇਤਰ ਵਜੋਂ ਪ੍ਰਵਾਨ ਕਰਦੇ ਹੋਏ ਸਨਅਤੀ ਇਲਾਕੇ ਐਲਾਨੇ ਜਾਣ I ਇਸ ਸਮੇਂ ਵਲੈਤੀ ਰਾਮ ਦੁਰਗਾ , ਇੰਦਰਜੀਤ ਸਿੰਘ , ਰਜਿੰਦਰ ਸਿੰਘ ਕਲਸੀ , ਹਰਜੀਤ ਸਿੰਘ ਪਨੇਸਰ ਵੀ ਹਾਜ਼ਿਰ ਸਨ ।