ਵਿਸ਼ਵ ਬੈਂਕ ਦੀ ਸਹਾਇਤਾ – 474 ਕਰੋੜ ਰੁਪਏ ਦੀ ਲਾਗਤ ਨਾਲ 409 ਪਿੰਡਾਂ ਦੇ ਵਾਸੀਆਂ ਨੂੰ ਮਿਲੇਗਾ ਪੀਣ ਵਾਲਾ ਸ਼ੁੱਧ ਪਾਣੀ – ਦਿਹਾਤੀ ਵੱਸੋਂ ਨੂੰ ਜਲਦ ਮਿਲੇਗੀ 100 ਫੀਸਦੀ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ-ਪਰਨੀਤ ਕੌਰ

newspunjab.netਪਟਿਆਲਾ ਦੀ ਦਿਹਾਤੀ ਵੱਸੋਂ ਨੂੰ ਜਲਦ ਮਿਲੇਗੀ 100 ਫੀਸਦੀ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ-ਪਰਨੀਤ ਕੌਰ , 474 ਕਰੋੜ ਰੁਪਏ ਦੀ ਲਾਗਤ ਵਾਲੇ ਪੱਬਰਾ, ਨਾਨੋਵਾਲ ਤੇ ਮੰਡੌਲੀ ਪ੍ਰਾਜੈਕਟ ਲਈ ਸਰਵੇ ਦੀ ਸ਼ੁਰੂਆਤ -ਪਰਨੀਤ ਕੌਰ ਨੇ ਪਿੰਡਾਂਦੇ ਵਸਨੀਕਾਂ ਅਤੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਵੀਡੀਓ ਕਾਲ ਕਰਕੇ ਦਿੱਤੀ ਵਧਾਈ !

ਨਿਊਜ਼ ਪੰਜਾਬ

ਮੰਡੌਲੀ (ਘਨੌਰ/ਰਾਜਪੁਰਾ/ਪਟਿਆਲਾ, 3 ਅਗਸਤ: ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਮੰਡੌਲੀ ਵਿਖੇ ਲੱਗਣ ਵਾਲੇ ਨਹਿਰੀ ਪਾਣੀ ‘ਤੇ ਅਧਾਰਤ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਦੀ ਸ਼ੁਰੂਆਤ ਨਾਲ ਪਟਿਆਲਾ ਦੀ ਸਾਰੀ ਦਿਹਾਤੀ ਵੱਸੋਂ ਨੂੰ ਜਲਦ ਹੀ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਹੋ ਜਾਵੇਗਾ। ਹਲਕਾ ਘਨੌਰ ਦੇ ਪਿੰਡ ਮੰਡੌਲੀ ਵਿਖੇ   ਦੀ ਅਰੰਭਤਾ ਵਜੋਂ ਅੱਜ ਫਰੀਦਾਬਾਦ ਦੀ ਕੰਪਨੀ ਮੈਸ. ਕੇ.ਐਨ.ਕੇ. ਜੇ.ਡਬਲਿਯੂ.ਆਈ.ਐਲ. ਜੇਵੀ ਵੱਲੋਂ ਇਸ ਪ੍ਰਾਜੈਕਟ ਲਈ ਸਰਵੇ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਹਲਕਾ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੂੰ ਵੀਡੀਓ ਕਾਲ ਰਾਹੀਂ ਵਧਾਈ ਦਿੰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਜਲ ਸ਼ੁੱਧੀਕਰਨ ਪਲਾਂਟ ਦੇ ਚਾਲੂ ਹੋਣ ਨਾਲ ਸਥਾਨਕ ਇਲਾਕੇ ਦਾ ਚਿਰਾਂ ਤੋਂ ਲਿਆ ਸੁਪਨਾ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦਿਹਾਤੀ ਖੇਤਰ ਦੀ 50 ਫੀਸਦੀ ਵੱਸੋਂ ਜਲ ਸਪਲਾਈ ਲੈ ਰਹੀ ਹੈ ਪਰੰਤੂ ਅਗਲੇ 30 ਮਹੀਨਿਆਂ ‘ਚ ਪੂਰੇ ਹੋਣ ਵਾਲੇ ਇਸ ਮੰਡੌਲੀ ਦੇ ਪ੍ਰਾਜੈਕਟ ਨਾਲ ਜ਼ਿਲ੍ਹੇ ਦੀ ਸਾਰੀ ਦਿਹਾਤੀ ਵੱਸੋਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲਣ ਲੱਗ ਜਾਵੇਗਾ। ਲੋਕ ਸਭਾ ਮੈਂਬਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਕੰਮ ਅਕਤੂਬਰ ਮਹੀਨੇ ਸ਼ੁਰੂ ਹੋਵੇਗਾ ਅਤੇ ਅੱਜ ਮੰਡੌਲੀ, ਪੱਬਰਾ ਅਤੇ ਨਾਨੋਵਾਲ ਵਿਖੇ ਡੀਜੀਪੀਐਸ ਸਰਵੇ ਸ਼ੁਰੂ ਹੋਇਆ ਹੈ।

ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਇਸ ਬਹੁ ਕਰੋੜੀ ਪ੍ਰਾਜੈਕਟ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਇਲਾਕੇ ਦੇ ਧਰਤੀ ਹੇਠਲੇ ਪਾਣੀ ‘ਚ ਫਲੋਰਾਇਡ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਹੱਡੀਆਂ ਅਤੇ ਦੰਦਾਂ ‘ਚ ਫਲੋਰੋਸਿਸ ਦੀ ਸਮੱਸਿਆ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੰਦਾ ਪਾਣੀ ਪੀਣ ਨਾਲ ਪੈਦਾ ਹੁੰਦੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਣ ਕਰਕੇ ਲੋਕਾਂ ਦੀ ਸਿਹਤ ‘ਚ ਸੁਧਾਰ ਹੋਣ ਨਾਲ ਇਨ੍ਹਾਂ ਦੀ ਤਕਦੀਰ ਬਦਲੇਗੀ।
ਸ੍ਰੀ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਸ਼ੁੁਰੂਆਤ ਨਾਲ 409 ਪਿੰਡਾਂ ਦੇ ਕਰੀਬ 6 ਲੱਖ ਲੋਕਾਂ ਨੂੰ ਲਾਭ ਮਿਲੇਗਾ। ਵਿਧਾਇਕ ਨੇ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਪੂਰਾ ਹੋਣ ਨਾਲ ਲੋਕਾਂ ਨੂੰ ਆਪਣੇ ਘਰਾਂ ‘ਚ ਆਰ.ਓ. ਲਗਾਉਣ ਦੀ ਲੋੜ ਵੀ ਨਹੀਂ ਪੈਣੀ ਤੇ ਉਨ੍ਹਾਂ ਨੂੰ ਸਸਤੀਆਂ ਦਰਾਂ ‘ਤੇ ਗੁਣਵੱਤਾ ਭਰਪੂਰ ਜਲ ਮਿਲੇਗਾ।
ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਵਰ੍ਹੇ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ 409 ਪਿੰਡਾਂ ‘ਚ ਨਹਿਰੀ ਪਾਣੀ ‘ਤੇ ਅਧਾਰਤ ਜਲ ਸਪਲਾਈ ਮੁਹੱਈਆ ਕਰਵਾਉਣ ਲਈ ਤਿੰਨ ਵੱਡੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਸੀ। ਇਹ ਪ੍ਰਾਜੈਕਟ ਮੁੱਖ ਮੰਤਰੀ ਵੱਲੋਂ ਸੂਬੇ ‘ਚ ਨੀਵੇਂ ਹੁੰਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਪੀਣ ਲਈ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਦਿੱਤੇ ਭਰੋਸੇ ਵਜੋਂ ਹੋਂਦ ‘ਚ ਆਇਆ ਸੀ।
ਅਗਲੇ ਕਰੀਬ 50 ਸਾਲਾਂ ਦੀਆਂ ਜਰੂਰਤਾਂ ਨੂੰ ਵੇਖਦਿਆਂ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਨੈਸ਼ਨਲ ਵਾਟਰ ਕੁਆਲਿਟੀ ਸਬ ਮਿਸ਼ਨ ਅਤੇ ਦਿਹਾਤੀ ਪੀਣ ਵਾਲੇ ਪੀਣ ਦੀ ਪੂਰਤੀ ਪ੍ਰੋਗਰਾਮ ਤਹਿਤ ਤਜਵੀਜ ਕੀਤੇ ਗਏ ਇਨ੍ਹਾਂ ਪਾਣੀ ਸ਼ੁੱਧੀਕਰਨ ਪ੍ਰਾਜੈਕਟਾਂ ਨੂੰ ਬਣਾਉ, ਚਲਾਉ ਅਤੇ ਟ੍ਰਾਂਸਫਰ ਕਰੋ ਦੇ ਅਧਾਰ ‘ਤੇ ਚਲਾਇਆ ਜਾਵੇਗਾ। ਇਨ੍ਹਾਂ ਤੋਂ 70 ਲਿਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਜਲ ਮਿਲੇਗਾ।
241.18 ਕਰੋੜ ਰੁਪਏ ਦੀ ਲਾਗਤ ਵਾਲੇ ਇਕੱਲੇ ਮੰਡੌਲੀ ਵਾਲੇ ਟ੍ਰੀਟਮੈਂਟ ਪਲਾਂਟ ਤੋਂ ਰੋਜ਼ਾਨਾ 3.50 ਕਰੋੜ ਲਿਟਰ ਸਾਫ਼ ਤੇ ਸ਼ੁੱਧ ਪੀਣਯੋਗ ਪਾਣੀ ਦੀ ਪੂਰਤੀ 204 ਪਿੰਡਾਂ ਨੂੰ ਪ੍ਰਦਾਨ ਕੀਤੀ ਜਾਵੇਗੀ, ਜਿਨ੍ਹਾਂ ‘ਚ ਘਨੌਰ ਵਿਧਾਨ ਸਭਾ ਹਲਕੇ ਦੇ 146 ਪਿੰਡ, ਰਾਜਪੁਰਾ ਹਲਕੇ ਦੇ 12 ਪਿੰਡ ਅਤੇ ਸਨੌਰ ਹਲਕੇ ਦੇ 46 ਪਿੰਡ ਕਵਰ ਹੋਣਗੇ ਅਤੇ 3.65 ਲੱਖ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਪੀਣਯੋਗ ਪਾਣੀ ਮੁਹੱਈਆ ਹੋਵੇਗਾ।
ਇਸੇ ਤਰ੍ਹਾਂ 122 ਕਰੋੜ ਰੁਪਏ ਦੀ ਲਾਗਤ ਵਾਲੇ ਪਿੰਡ ਪੱਬਰਾ ਦੇ ਜਲ ਟ੍ਰੀਟਮੈਂਟ ਪਲਾਂਟ ‘ਤੋਂ 112 ਪਿੰਡਾਂ ਨੂੰ 1.80 ਕਰੋੜ ਲਿਟਰ ਜਲ ਸਪਲਾਈ ਰੋਜ਼ਾਨਾ ਹੋਵੇਗੀ। ਇਨ੍ਹਾਂ ਪਿੰਡਾਂ ‘ਚ 25 ਪਿੰਡ ਘਨੌਰ ਹਲਕੇ ਦੇ, 62 ਪਿੰਡ ਰਾਜਪੁਰਾ ਹਲਕੇ ਦੇ, 23 ਪਿੰਡ ਸਨੌਰ ਹਲਕੇ ਦੇ ਅਤੇ 2 ਪਿੰਡ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਹਨ, ਇਥੋਂ 1.63 ਲੱਖ ਲੋਕਾਂ ਨੂੰ ਜਲ ਸਪਲਾਈ ਹੋਵੇਗੀ ਅਤੇ 179 ਕਿਲੋਮੀਟਰ ਡੀ.ਆਈ. ਪਾਇਪ ਲਾਇਨਾਂ ਵਿਛਾਈਆਂ ਜਾਣਗੀਆਂ।
ਇਨ੍ਹਾਂ ਤੋਂ 70 ਲਿਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਜਲ ਮਿਲੇਗਾ, ਇਨ੍ਹਾਂ ਵਿਚੋਂ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਨਾਨੋਵਾਲ ਵਿਖੇ 112 ਕਰੋੜ ਰੁਪਏ ਦੀ ਲਾਗਤ ਨਾਲ 3.50 ਏਕੜ ਜਮੀਨ ‘ਚ ਲੱਗਣ ਵਾਲੇ ਇਸ ਪ੍ਰਾਜੈਕਟ ਤੋਂ ਖੇੜਾ ਬਲਾਕ ਦੇ 69 ਪਿੰਡ, ਬਸੀ ਪਠਾਣਾ ਬਲਾਕ ਦੇ 23 ਪਿੰਡ ਲਾਭ ਉਠਾਉਣਗੇ।
ਚੀਫ਼ ਇੰਜੀਨੀਅਰ ਪਰਮਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰਜੈਕਟ ਤਹਿਤ ਸਾਰੇ ਪਿੰਡਾਂ ‘ਚ ਪਹਿਲਾਂ ਪਾਈਆਂ ਹੋਈਆਂ ਪਾਇਪਾਂ ਜੋ ਕਿ ਲੀਕੇਜ ਕਰਕੇ ਜਾਂ ਬੰਦ ਪਈਆਂ ਹਨ, ਨੂੰ ਵੀ ਬਦਲਿਆ ਜਾਵੇਗਾ ਅਤੇ ਹਰ ਘਰ ‘ਚ ਪਾਣੀ ਦਾ ਮੀਟਰ ਲੱਗਣ ਕਰਕੇ ਪਾਣੀ ਦੀ ਬਰਬਾਦੀ ਵੀ ਨਹੀਂ ਹੋਵੇਗੀ।
ਇਸ ਮੌਕੇ ਜ਼ਿਲ੍ਹਾ ਦਿਹਾਤੀ ਕਾਂਗਰਸ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਮਾਰਕੀਟ ਕਮੇਟੀ ਰਾਜਪੁਰਾ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਚੀਫ਼ ਇੰਜੀਨੀਅਰ (ਦੱਖਣ) ਪਰਮਪਾਲ ਸਿੰਘ, ਨਿਗਰਾਨ ਇੰਜੀਨੀਅਰ ਸੁਖਮਿੰਦਰ ਸਿੰਘ ਪੰਧੇਰ, ਕਾਰਜਕਾਰੀ ਇੰਜੀਨੀਅਰ ਸ. ਜਸਬੀਰ ਸਿੰਘ, ਐਸ.ਡੀ.ਓ ਆਦਰਸ਼ ਨਿਰਮਲ, ਸਹਾਇਕ ਇੰਜੀਨੀਅਰ ਸਤਨਾਮ ਸਿੰਘ ਮੱਟੂ, ਜਗਦੀਪ ਸਿੰਘ ਡਿੰਪਲ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਕਾਮੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਧਰਮਪਾਲ ਖੈਰਪੁਰ, ਬਲਾਕ ਪ੍ਰਧਾਨ ਗੁਰਨਾਮ ਸਿੰਘ ਭੂਰੀ ਮਾਜਰਾ, ਬਲਰਾਜ ਸਿੰਘ ਨੌਸ਼ਹਿਰਾ, ਮੁਸਤਾਕ ਅਲੀ, ਬਲਾਕ ਸੰਮਤੀ ਮੈਂਬਰ ਵਿਜੇ ਨੰਦਾ, ਅਮਰਜੀਤ ਸਿੰਘ ਥੂਹਾ, ਕਾਲਾ ਹਰਪਾਲਪੁਰ, ਯੂਥ ਕਾਂਗਰਸ ਘਨੌਰ ਪ੍ਰਧਾਨ ਇੰਦਰਜੀਤ ਗਿਫ਼ਟੀ, ਸਰਪੰਚ ਮੰਡੌਲੀ ਦਰਸ਼ਨ ਸਿੰਘ, ਸਰਪੰਚ ਚਪੜ ਮਨਜੀਤ ਸਿੰਘ, ਰਾਜੀਵ ਕੁਮਾਰ ਗਾਂਧੀ ਖੇੜੀ ਗੰਡਿਆ, ਲੱਖਾ ਕਬੂਲਪੁਰ,  ਹਰਵਿੰਦਰ ਸਿੰਘ ਖੋਖਰ ਚਤਰ ਨਗਰ, ਕੁਲਦੀਪ ਫ਼ੌਜੀ ਤਖਤੂਮਾਜਰਾ ਤੇ ਬਲਬੀਰ ਸਿੰਘ ਕੋਹਲੇਮਾਜਰਾ ਸਮੇਤ ਇਲਾਕੇ ਦੇ ਵਸਨੀਕ ਅਤੇ ਹੋਰ ਪਤਵੰਤੇ ਮੌਜੂਦ 
*************
ਫੋਟੋ ਕੈਪਸ਼ਨ- ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੀਡੀਓ ਕਾਲ ਰਾਹੀਂ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੂੰ ਮੰਡੌਲੀ ਪਾਣੀ ਦੇ ਪ੍ਰਾਜੈਕਟ ਲਈ ਵਧਾਈ ਦਿੰਦੇ ਹੋਏ।