ਨਵਾਂਸ਼ਹਿਰ – ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ- ਗੀਤ ਗਾਇਨ ਮੁਕਾਬਲਿਆਂ ਵਿਚ ਪ੍ਰਾਇਮਰੀ ਦੇ 243 ਅਤੇ ਸੈਕੰਡਰੀ ਦੇ 290 ਵਿਦਿਆਰਥੀਆਂ ਨੇ ਲਿਆ ਭਾਗ

ਨਿਊਜ਼ ਪੰਜਾਬ
ਨਵਾਂਸ਼ਹਿਰ, 27 ਜੁਲਾਈ :  ਸਿੱਖਿਆ ਵਿਭਾਗ ਵਲੋਂ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੁਰੂ ਕੀਤੇ ਗਏ ਵਿਦਿਅਕ ਮੁਕਾਬਲਿਆਂ ਦੇ ਧਾਰਮਿਕ ਗੀਤ ਗਾਇਨ ਵਿਚ ਪ੍ਰਾਇਮਰੀ ਸਕੂਲਾਂ ਦੇ 243 ਅਤੇ ਸੈਕੰਡਰੀ ਦੇ 290 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸੰਬੰਧੀ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਸ੍ਰੀ ਪਵਨ ਕੁਮਾਰ ਅਤੇ ਸੈਕੰਡਰੀ ਸ੍ਰੀ ਸ਼ੁਸੀਲ ਕੁਮਾਰ ਨੇ ਦੱਸਿਆ ਕਿ ਸਕੂਲੀ ਸਿੱਖਿਆ ਵਿਭਾਗ ਵਲੋਂ ਦੂਜੇ ਪੜਾਅ ਤਹਿਤ ਗੀਤ ਧਾਰਮਿਕ ਗਾਇਨ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਡੀ ਗਿਣਤੀ  ਵਿਚ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲਾਂ ਨੇ  ਭਾਗ ਲਿਆ ਅਤੇ ਹੁਣ ਤੀਜੇ ਪੜਾਅ ਤਹਿਤ 3 ਅਗਸਤ ਤੋਂ 7 ਅਗਸਤ ਤਕ ਕਵਿਤਾ ਉਚਾਰਣ ਮੁਕਾਬਲੇ ਹੋਣਗੇ ਅਤੇ ਸਿੱਖਿਆ ਵਿਭਾਗ ਵਲੋਂ ਹਦਾਇਤ ਦਿੱਤੀ ਗਈ ਹੈ ਕਿ ਸਾਰੇ ਸਕੂਲਾਂ ਦੀ ਸ਼ਮੂਲੀਅਤ  ਯਕੀਨੀ ਹੋਵੇ। ਪ੍ਰਾਇਮਰੀ  ਵਿਭਾਗ ਦੇ ਨੋਡਲ ਅਫਸਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ 7 ਬਲਾਕਾਂ ਵਿੱਚੋ ਔੜ ਦੇ 28, ਬਲਾਚੌਰ-1 ਦੇ 13, ਬਲਾਚੌਰ-2 ਦੇ 28, ਬੰਗਾ ਦੇ 52, ਮੁਕੰਦਪੁਰ ਦੇ 34, ਨਵਾਂਸ਼ਹਿਰ ਦੇ 65 ਅਤੇ ਸੜੋਆ ਦੇ 23 ਕੁੱਲ 243 ਵਿਦਿਆਰਥੀਆਂ ਨੇ ਭਾਗ ਲਿਆ ਜਦਕਿ ਸੈਕੰਡਰੀ ਵਿਭਾਗ ਦੀ ਨੋਡਲ ਅਫਸਰ ਸ੍ਰੀਮਤੀ ਸੈਲੀ ਸ਼ਰਮਾ ਨੇ ਦੱਸਿਆ ਕਿ ਮਿਡਲ ਸਕੂਲਾਂ ਦੇ 170 ਅਤੇ ਸੈਕੰਡਰੀ ਦੇ 120 ਕੁੱਲ 290 ਵਿਦਿਆਰਥੀਆਂ ਨੇ ਧਾਰਮਿਕ ਗੀਤ ਗਾਇਨ ਮੁਕਾਬਲੇ ਵਿਚ ਭਾਗ ਲਿਆ। ਉਪ ਜ਼ਿਲਾ ਸਿੱਖਿਆ ਅਫਸਰ ਸ੍ਰੀ ਛੋਟੂ ਰਾਮ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਧਾਰਮਿਕ ਗੀਤ ਗਾਇਨ ਮੁਕਾਬਲਿਆਂ ਦੇ ਸਕੂਲਾਂ ਵਲੋਂ ਵੀਡੀਓ ਬਣਾ ਕੇ ਲਿੰਕ ਨੂੰ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਪਾਇਆ ਜਾ ਚੁੱਕਾ ਹੈ, ਜਿਨਾਂ ਦੀ ਜੱਜਮੈਂਟ ਪੜਾਅਵਾਰ ਹੋਵੇਗੀ। ਸਕੂਲਾਂ ਦੇ ਜੇਤੂਆਂ ਨੂੰ ਬਲਾਕ ਅਤੇ ਬਲਾਕ ਦੇ ਪਹਿਲੇ ਦੋ ਪੁਜੀਸ਼ਨਾਂ ਵਾਲੇ  ਜੇਤੂਆਂ ਦੀ ਵੀਡੀਓ ਜ਼ਿਲਾ ਪੱਧਰ ’ਤੇ ਅਤੇ ਫਿਰ ਜ਼ਿਲਾ ਪੱਧਰ ਦੇ ਪਹਿਲੇ ਦੋ ਪੁਜੀਸ਼ਨਾਂ ਵਾਲੇ ਜੇਤੂਆਂ ਦੀ ਵੀਡੀਓ ਸੂਬਾ ਪੱਧਰੀ ਮੁਕਾਬਲਿਆਂ ਵਿਚ ਸ਼ਮੂਲੀਅਤ ਕਰੇਗੀ। ਉਨਾਂ ਦੱਸਿਆ ਕਿ ਹਰੇਕ ਸਕੂਲ ਨੂੰ ਹਰੇਕ ਮੁਕਾਬਲੇ ਵਿਚ ਸਿਰਫ ਇਕ ਵਾਰ ਹੀ ਵੀਡੀਓ ਪਾਉਣ ਦਾ ਅਧਿਕਾਰ ਹੈ। ਜਿਸ ਤੋਂ ਬਾਅਦ ਵਿਦਿਆਰਥੀ ਦੀ ਪੇਸ਼ਕਾਰੀ ਦੀ ਗੁਣਵੱਤਾ ਤੇ ਪੁਜੀਸ਼ਨ ਤੋਂ ਬਾਅਦ ਵੀਡੀਓ ਦਾ ਲਿੰਕ ਅਗਲੇ ਮੁਕਾਬਲਿਆਂ ਲਈ ਚਲਾ ਜਾਵੇਗਾ। ਉਨਾਂ ਨਾਲ ਹੀ ਕਿਹਾ ਕਿ ਸਕੂਲਾਂ ਵਿਚ ਇਨਾਂ ਮੁਕਾਬਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਸੀ ਅਤੇ ਹੁਣ ਅਧਿਆਪਕ ਅਤੇ ਵਿਦਿਆਰਥੀ ਭਵਿੱਖ ਦੇ ਮੁਕਾਬਲਿਆਂ ਲਈ ਜੁਟ ਗਏ ਹਨ ।

—-