ਨਵਾਂਸ਼ਹਿਰ – ਪੰਜਾਬ ਸਕੂਲ ਸਿੱਖਿਆ ਬੋਰਡ ਦੀ +2 ਦੀ ਪ੍ਰੀਖਿਆ ਵਿੱਚੋਂ 98 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੀ ਵਿਦਿਆਰਥਣ ਸਨਮਾਨਿਤ

98 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੀ ਵਿਦਿਆਰਥਣ ਸਨਮਾਨਿਤ

ਨਿਊਜ਼ ਪੰਜਾਬ

ਨਵਾਂਸ਼ਹਿਰ, 27 ਜੁਲਾਈ : ਸਕੂਲ ਸਿੱਖਿਆ ਵਿਭਾਗ ਨੇ ਪਹਿਲਕਦਮੀ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਹੋਈ +2 ਦੀ ਪ੍ਰੀਖਿਆ ਵਿੱਚੋਂ 98 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹੀਦ ਭਗਤ ਸਿੰਘ ਲਗਰ ਦੀ ਵਿਦਿਆਰਥਣ ਨਵਕੀਰਤ ਕੌਰ ਨੂੰ ਘਰ ਜਾ ਕੇ ਸਨਮਾਨਿਤ  ਗਿਆ। ਜ਼ਿਲਾ ਸਿੱਖਿਆ ਅਫਸਰ (ਐ ਸਿ) ਸ੍ਰੀ ਪਵਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਸਕੂਲ ਦੀ ਇਸ ਵਿਦਿਆਰਥਣ ਨੇ ਵਿਭਾਗ ਦੇ ਨਾਮ ਦੇ ਨਾਲ-ਨਾਲ ਆਪਣੇ ਪਿੰਡ ਅਤੇ ਮਾਪਿਆਂ ਦਾ ਰੁਤਬਾ ਵੀ ਸਮਾਜ ਵਿਚ ਉੱਚਾ ਕੀਤਾ ਹੈ। ਉਨਾਂ ਕਿਹਾ ਕਿ ਵਿਭਾਗ ਇਨਾਂ ਵਿਦਿਆਰਥੀਆਂ ਉੱਤੇ ਫਖਰ ਮਹਿਸੂਸ ਕਰਦਾ ਹੈ। ਇਸ ਲਈ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਇਨਾਂ ਬੱਚਿਆਂ ਦਾ ਹੌਸਲਾ ਹੋਰ ਵਧਾਈਏ ਤਾਂ ਕਿ ਇਨਾਂ ਵੱਲ ਵੇਖ ਕੇ ਹੋਰ ਬੱਚੇ ਵੀ ਉਤਸਾਹਿਤ ਹੋਣ। ਉਨਾਂ ਬੱਚਿਆਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਹੁਣ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਵਧੀਆ ਬਣ ਚੁੱਕਿਆ ਹੈ। ਲਾਕਡਾਊਨ ਦੇ ਸਮੇਂ ਵਿਚ ਵੀ ਵਿਦਿਆਰਥੀਆਂ ਦੇ ਪੜਾਈ ਦੇ ਨੁਕਸਾਨ ਨੂੰ ਰੋਕਣ ਲਈ ਈ ਕੰਨਟੈਂਟ ਰਾਹੀ ਘਰ ਬੈਠੇ ਵਿਦਿਆਰਥੀਆਂ ਨੂੰ ਰੋਜ਼ਾਨਾ ਪੜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਪੜਦੇ ਬੱਚਿਆਂ ਦੇ ਪੇਪਰ ਅਤੇ ਵਿੱਦਿਅਕ ਮੁਕਾਬਲੇ ਵੀ ਆਨਲਾਇਨ ਕਰਵਾਏ ਜਾ ਰਹੇ ਹਨ। ਇਸ ਲਈ ਸਾਨੂੰ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਕੇ ਸਰਕਾਰੀ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਹਰਦੇਵ ਸਿੰਘ ਸਰਪੰਚ ਅਤੇ ਬੱਚੀ ਦੇ ਪਿਤਾ ਪ੍ਰੇਮ ਸਿੰਘ ਵਲੋਂ ਜ਼ਿਲਾ ਸਿੱਖਿਆ ਅਧਿਕਾਰੀ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਪਿੰਡ ਦੇ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣਗੇ। ਇਸ ਮੌਕੇ ਉੱਪ ਜਿਲਾ ਸਿੱਖਿਆ ਅਫਸਰ ਛੋਟੂ ਰਾਮ, ਸੋਸ਼ਲ ਮੀਡੀਆ ਕੋਆਰਡੀਨੇਟਰ ਗੁਰਦਿਆਲ ਸਿੰਘ, ਬੱਚੀ ਦੀ ਜਸਵਿੰਦਰ ਕੌਰ, ਦਾਦਾ ਸੰਸਾਰ ਸਿੰਘ, ਦਾਦੀ ਸੁਰਜੀਤ ਕੌਰ ਅਤੇ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਬਾਗ ਦੇ ਇੰਚਾਰਜ ਹਰੀਸ਼ ਕੁਮਾਰ ਵੀ ਹਾਜ਼ਰ ਸਨ।

————————————–
ਕੈਪਸ਼ਨ:
-ਨਵਕੀਰਤ ਕੌਰ ਨੂੰ ਘਰ ਜਾ ਕੇ ਸਨਮਾਨਿਤ ਕਰਦੇ ਹੋਏ ਜ਼ਿਲਾ ਸਿੱਖਿਆ ਅਫ਼ਸਰ (ਐ ਸਿ) ਸ੍ਰੀ ਪਵਨ ਕੁਮਾਰ।