ਤਰਨ ਤਾਰਨ – ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਜ਼ਿਲ੍ਹਾ ਵਾਸੀ-ਡਿਪਟੀ ਕਮਿਸ਼ਨਰ
“ਮਿਸ਼ਨ ਫ਼ਤਹਿ” ਤਹਿਤ ਵੱਖ-ਵੱਖ ਵਿਭਾਗਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਨਿਭਾਇਆ ਜਾ ਰਿਹਾ ਮੋਹਰੀ ਰੋਲ
ਨਿਊਜ਼ ਪੰਜਾਬ
ਤਰਨ ਤਾਰਨ, 27 ਜੁਲਾਈ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ। ਉਨਾਂ ਕਿਹਾ ਕਿ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਜਰੂਰ ਪਾਇਆ ਜਾਵੇ ਅਤੇ ਸੋਸ਼ਲ ਡਿਸਟੈਂਸ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇ। ਉਨਾਂ ਕਿਹਾ ਕਿ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਚੰਗੀ ਤਰਾਂ ਧੋਣਾ ਚਾਹੀਦਾ ਹੈ ਅਤੇ ਅਜਿਹੀਆਂ ਸਾਵਧਾਨੀਆਂ ਵਰਤ ਕੇ ਅਸੀਂ ਕੋਰੋਨਾ ਵਾਇਰਸ ਤੋਂ ਬਚ ਸਕਦੇ ਹਾਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ “ਮਿਸ਼ਨ ਫ਼ਤਹਿ” ਤਹਿਤ ਵੱਖ-ਵੱਖ ਵਿਭਾਗਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਮੋਹਰੀ ਰੋਲ ਨਿਭਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਦੀ ਹਦਾਇਤਾਂ ਦੀ ਉਲੰਘਣਾ ਨਾ ਹੋਵੇ। ਉਨਾਂ ਕਿਹਾ ਕਿ ਲੋਕਾਂ ਨੂੰ ਵੀ ਸਹਿਯੋਗ ਕਰਦੇ ਹੋਏ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪੁਲਿਸ ਵਿਭਾਗ ਤਰਨ ਤਾਰਨ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਤਕ ਥਾਂ ਉੱਪਰ ਮਾਸਕ ਨਾ ਪਹਿਨਣ ’ਤੇ 500 ਰੁਪਏ ਜੁਰਮਾਨਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਪ੍ਰਸ਼ਾਸਨ ਵਲੋਂ ਇਕਾਂਤਵਾਸ ਕੀਤਾ ਹੋਇਆ ਹੈ ਅਤੇ ਉਨਾਂ ਨਿਯਮਾਂ ਦੇ ਵਿਰੁੱਧ ਘਰੋਂ ਬਾਹਰ ਨਿਕਲਦਾ ਹੈ ਤਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਸ ਨੂੰ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜਨਤਕ ਥਾਂ ਉੱਪਰ ਥੱੁਕਣ ’ਤੇ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੇਕਰ ਬੱਸ ਵਿੱਚ ਸੋਸ਼ਲ ਡਿਸਟੈਂਸ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਬੱਸ ਮਾਲਕ ਨੂੰ 3000 ਰੁਪਏ ਜੁਰਮਾਨਾ, ਕਾਰ ਵਿੱਚ ਸੋਸਲ ਡਿਸਟੈਂਸ ਦੀ ਉਲੰਘਣਾ ’ਤੇ 2000 ਰੁਪਏ ਜੁਰਮਾਨਾ ਅਤੇ ਆਟੋ ਰਿਕਸ਼ਾ ਅਤੇ ਦੋ ਪਹੀਆ ਵਾਹਨ ਦੇ ਚਾਲਕਾਂ ਨੂੰ ਸੋਸਲ ਡਿਸਟੈਂਸ ਦੀ ਉਲੰਘਣਾ ’ਤੇ 500 ਰੁਪਏ ਜੁਰਮਾਨਾ ਕੀਤਾ ਜਾਵੇਗਾ।
ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵਿਆਹ ਸਮਾਗਮ ਉੱਪਰ 30 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਉਨਾਂ ਦੱਸਿਆ ਕਿ ਵਿਆਹ ਵਿੱਚ ਸ਼ਾਮਲ ਹੋਣ ਵਾਲੇ 30 ਵਿਅਕਤੀਆਂ ਦੀ ਲਿਸਟ ਪਹਿਲੇ ਹੀ ਪੈਲਸ ਜਾਂ ਹੋਟਲ ਵਾਲਿਆਂ ਨੂੰ ਦੇਣੀ ਲਾਜ਼ਮੀ ਹੈ। ਉਨਾਂ ਕਿਹਾ ਕਿ ਕਿਸੇ ਵੀ ਥਾਂ ’ਤੇ 5 ਜਾਂ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਕਾਨੂੰਨੀ ਰੋਕ ਹੈ ਅਤੇ ਇਸ ਦੀ ਉਲੰਘਣਾ ਹੋਣ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਹਾ ਕਿ ਮੌਤ ਹੋਣ ’ਤੇ ਜਾਂ ਭੋਗ ਉੱਪਰ ਵੱਧ ਤੋਂ ਵੱਧ 20 ਵਿਅਕਤੀ ਹੀ ਇਕੱਠੇ ਹੋ ਸਕਦੇ ਹਨ। ਇਹਨਾਂ ਭਾਗ ਲੈਣ ਵਾਲੇ ਸਾਰੇ ਵਿਅਕਤੀਆਂ ਲਈ ਮਾਸਕ ਪਾਉਣਾ ਲਾਜ਼ਮੀ ਹੈ।