ਤਰਨ ਤਾਰਨ – ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਪੱਧਰ ਦੇ ਗੀਤ ਮੁਕਾਬਲਿਆਂ ਵਿੱਚ ਵੱਖ-ਵੱਖ ਵਰਗਾਂ ਦੇ ਕੁੱਲ 1346 ਵਿਦਿਆਰਥੀਆਂ ਨੇ ਲਿਆ ਭਾਗ

ਪ੍ਰਤੀਯੋਗੀਆਂ ਵੱਲੋਂ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ `ਤੇ ਕੀਤੀਆਂ ਗਈਆਂ ਅਪਲੋਡ
ਕਵਿਤਾ ਉਚਾਰਣ ਮੁਕਾਬਲਾ 2 ਅਗਸਤ ਤੋਂ ਸਕੂਲ ਪੱਧਰ ‘ਤੇ ਹੋਵੇਗਾ ਸ਼ੁਰੂ

ਨਿਊਜ਼ ਪੰਜਾਬ

ਤਰਨ ਤਾਰਨ, 27 ਜੁਲਾਈ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਲੜੀ `ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ `ਚ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ `ਚ ਹੁਣ ਸਕੂਲ ਪੱਧਰ ਤੱਕ ਗੀਤ ਮੁਕਾਬਲਾ ਸੰਪੂਰਨ ਹੋਇਆ, ਜਿਸ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ ਵਰਗ ਦੇ 420 ਵਿਦਿਆਰਥੀਆਂ ਨੇ, ਮਿਡਲ ਵਰਗ ਦੇ 597 ਵਿਦਿਆਰਥੀਆਂ ਨੇ ਅਤੇ ਪ੍ਰਾਇਮਰੀ ਵਰਗ ਦੇ ਵੱਖ-ਵੱਖ ਸਕੂਲਾਂ 329 ਦੇ ਭਾਵ ਤਿੰਨਾਂ ਵਰਗਾਂ ਦੇ ਕੁੱਲ 1346 ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸਤਤਿ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ `ਚ ਹਿੱਸਾ ਲਿਆ।
ਜਿਲ੍ਹਾ ਸਿੱਖਿਆ ਅਫਸਰ (ਸੈ.) ਸ੍ਰ. ਸਤਨਾਮ ਸਿੰਘ ਜੀ ਬਾਠ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਸ਼੍ਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਵੱਲੋਂ ਕਰਵਾਏ ਜਾ ਰਹੇ, ਇਹਨਾਂ ਸਕੂਲ ਪੱਧਰ ਦੇ ਗੀਤ ਮੁਕਾਬਲਿਆਂ `ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਵੱਲੋਂ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ `ਤੇ ਅਪਲੋਡ (ਪਬਲਿਕ ਲਈ)  ਕੀਤੀਆਂ ਗਈਆਂ।ਜਿਨ੍ਹਾਂ ਦੀ ਜੱਜਮੈਂਟ 27 ਜੁਲਾਈ ਤੋਂ 1 ਅਗਸਤ ਤੱਕ ਬਲਾਕ ਪੱਧਰ ‘ਤੇ ਲਗਾਏ ਗਏ ਮਿਡਲ ਅਤੇ ਸੈਕੰਡਰੀ ਵਰਗ ਦੇ ਕੁੱਲ 27 ਅਤੇ ਪ੍ਰਾਇਮਰੀ ਵਰਗ ਦੇ ਕੁੱਲ 27 ਜੱਜ ਸਾਹਿਬਾਨਾਂ ਦੁਆਰਾ ਕੀਤੀ ਜਾਵੇਗੀ ਅਤੇ 2 ਅਗਸਤ ਤੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਜੱਜਮੈਂਟ ਕੀਤੀ ਜਾਵੇਗੀ।
ਇਸ ਮੌਕੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ)-ਕਮ-ਜਿਲ੍ਹਾ ਨੋਡਲ ਅਫਸਰ ਸ੍ਰੀ ਹਰਪਾਲ ਸਿੰਘ ਸੰਧਾਵਾਲੀਆ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀਮਤੀ ਰਜਿੰਦਰ ਕੌਰ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰ. ਪਰਮਜੀਤ ਸਿੰਘ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸ਼੍ਰੀਮਤੀ ਅਨੁਰੂਪ ਬੇਦੀ ਨੇ ਦੱਸਿਆ ਕਿ ਸ਼ਬਦ ਗਾਇਨ ਪ੍ਰਤੀਯੋਗਤਾ ਦੀ ਸਫਲਤਾ ਲਈ ਡੀ. ਐਮ. ਸਾਇੰਸ ਦਰਸ਼ਨ ਸਿੰਘ, ਡੀ. ਐਮ. ਅੰਗਰੇਜ਼ੀ ਗੁਰਚਰਨ ਸਿੰਘ, ਡੀ. ਐਮ. ਮੈਥ ਸਤਨਾਮ ਸਿੰਘ, ਪੜ੍ਹੋ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਨਵਦੀਪ ਸਿੰਘ ਅਤੇ ਸਮੁੱਚੀ ਬੀ.ਐਮ./ ਬੀ.ਐਮ.ਟੀ/ ਸੀ.ਐਮ.ਟੀ ਟੀਮ ਨੇ ਬਹੁਤ ਮਿਹਨਤ ਕੀਤੀ।
ਇਹ ਵੀ ਧਿਆਨ ਦੇਣ ਯੋਗ ਹੈ, ਕਿ ਅਗਲਾ ਮੁਕਾਬਲਾ ਕਵਿਤਾ ਉਚਾਰਣ ਮਿਤੀ 2 ਅਗਸਤ ਤੋਂ ਸਕੂਲ ਪੱਧਰ ‘ਤੇ ਸ਼ੁਰੂ ਹੋ ਰਿਹਾ ਹੈ।