ਸੁਧਾਰ – ਕਰੋਨਾ ਮਹਾਂਮਾਰੀ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ
ਨਿਊਜ਼ ਪੰਜਾਬ
ਸੁਧਾਰ/ਲੁਧਿਆਣਾ, 21 ਜੁਲਾਈ – ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸਧਾਰ, ਲੁਧਿਆਣਾ ਦੇ ਪੋਸਟ ਗਰੈਜੂਏਟ ਇਤਿਹਾਸ ਤੇ ਪੰਜਾਬੀ ਵਿਭਾਗਾਂ ਵਲੋਂ ਕਰੋਨਾ ਮਹਾਂਮਾਰੀ ਦੇ ਮੱਦੇਨਜਰ ‘ਕਰੋਨਾ ਮਹਾਂਮਾਰੀ ਪ੍ਰਤੀ ਸਮਝ’ ਵਿਸ਼ੇ ‘ਤੇ ਵੈਬੀਨਾਰ ਕਰਵਾਇਆ ਗਿਆ।
ਵੈਬੀਨਾਰ ਦੇ ਆਰੰਭ ਵਿਚ ਕਾਲਜ ਪ੍ਰਿੰਸੀਪਲ ਪ੍ਰੋ. ਜਸਵੰਤ ਸਿੰਘ ਗੋਰਾਇਆ ਨੇ ਰਿਸੋਰਸ ਪਰਸਨ ਡਾ. ਸੁਖਦੇਵ ਸਿੰਘ ਸੋਹਲ, ਰਿਟਾ. ਪ੍ਰੋ. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿ਼ਤਸਰ ਸਮੇਤ ਭਾਗ ਲੈਣ ਵਾਲੇ ਸੌਂ ਤੋਂ ਉਪਰ ਸਰੋਤਿਆਂ ਨੂੰ ‘ਜੀ ਆਇਆ’ ਆਖਿਆ। ਪ੍ਰੋ. ਸੁਖਦੇਵ ਸਿੰਘ ਸੋਹਲ ਨੇ ਆਪਣੇ ਸੰਬੋਧਨ ਵਿਚ ਵਿਸ਼ੇਸ਼ ਜੋਰ ਦੇ ਕੇ ਆਖਿਆ ਕਿ ਅਜਿਹੀਆਂ ਮਹਾਂਮਾਰੀਆਂ ਮਨੁੱਖ ਦੇ ਨਾਲ-ਨਾਲ ਹੀ ਚਲਦੀਆਂ ਰਹੀਆਂ ਹਨ। ਉਨ੍ਹਾਂ ਇਤਿਹਾਸਕ ਯੁੱਗ ਤੋਂ ਲੈ ਕੇ ਵਰਤਮਾਨ ਤੱਕ ਦੀਆਂ ਸਮੁੱਚੀਆਂ ਮਹਾਂਮਾਰੀਆਂ ਦੇ ਇਤਿਹਾਸਕ ਪੱਖ ਅਤੇ ਸਮੂਹ ਮਹਾਂਮਾਰੀਆਂ ਸੰਬੰਧੀ ਸਰਕਾਰੀ ਅਣਦੇਖੀ ਤੇ ਇਹਨਾਂ ‘ਤੇ ਕੀਤੀ ਗਈ ਰਾਜਨੀਤੀ ਨੂੰ ਵੀ ਉਭਾਰਿਆ।
ਵੈਬੀਨਾਰ ਦੇ ਅੰਤ ਵਿਚ ਡਾ. ਬਲਜੀਤ ਸਿੰਘ, ਮੁਖੀ, ਇਤਿਹਾਸ ਵਿਭਾਗ ਨੇ ਸਾਰਿਆ ਦਾ ਧੰਨਵਾਦ ਕੀਤਾ। ਇਸ ਸਮੁੱਚੇ ਵੈਬੀਨਾਰ ਦਾ ਸੰਚਾਲਨ ਡਾ. ਗੁਰਮੀਤ ਸਿੰਘ ਹੁੰਦਲ ਵਲੋਂ ਬਾਖੂਬੀ ਨਿਭਾਇਆ ਗਿਆ। ਪ੍ਰੋ. ਤਰਸੇਮ ਸਿੰਘ, ਡਾ. ਅਮਰਿੰਦਰਪਾਲ ਸਿੰਘ ਅਤੇ ਡਾ. ਰਾਜੇਸ਼ ਕੁਮਾਰ ਨੇ ਤਕਨੀਕੀ ਸੇਵਾਵਾਂ ਮੁਹੱਈਆ ਕਰਵਾਈਆਂ।