ਨੈਨੀਤਾਲ ਵਿੱਚ ਭਿਆਨਕ ਸੜਕ ਹਾਦਸਾ, ਖੱਡ ਵਿੱਚ ਡਿੱਗੀ ਕਾਰ; 6 ਲੋਕਾਂ ਦੀ ਮੌਤ

ਨਿਊਜ਼ ਪੰਜਾਬ

21 ਮਈ 2026

ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਭਵਾਲੀ ਖੇਤਰ ਵਿੱਚ ਵੀਰਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਸੈਨੇਟੋਰੀਅਮ-ਦੂਨੀਖਾਲ ਮਾਰਗ ‘ਤੇ ਸਿਰੋੜੀ ਨੇੜੇ ਇੱਕ ਲਾਲ ਰੰਗ ਦੀ ਮਹਿੰਦਰਾ ਬੀ-6 ਕਾਰ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਇਸ ਵਿੱਚ ਸਵਾਰ ਸਾਰੇ ਛੇ ਲੋਕਾਂ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ SDRF ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਯੋਗੇਸ਼ ਉਨਿਆਲ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਖੱਡ ਵਿੱਚੋਂ ਲਾਸ਼ਾਂ ਅਤੇ ਵਾਹਨ ਨੂੰ ਬਾਹਰ ਕੱਢਣ ਦੀ ਕਾਰਵਾਈ ਜਾਰੀ ਹੈ। ਫਿਲਹਾਲ ਮ੍ਰਿਤਕਾਂ ਦੀ ਪਛਾਣ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।