ਨਿਊਜ਼ ਪੰਜਾਬ
11 ਅਕਤੂਬਰ,2026
ਉੱਤਰਾਖੰਡ ਸਥਿਤ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਦੁਪਹਿਰ 2 ਵਜੇ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ। ਇਸ ਮੌਕੇ ਫ਼ੌਜੀ ਬੈਂਡ ਦੀਆਂ ਮਧੁਰ ਧੁਨਾਂ, ਰਾਗੀ ਸਿੰਘਾਂ ਦੇ ਸ਼ਬਦ ਕੀਰਤਨ ਅਤੇ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਪੂਰੀ ਹੇਮਕੁੰਟ ਘਾਟੀ ਗੂੰਜ ਉੱਠੀ। ਇਸ ਇਤਿਹਾਸਕ ਸਮਾਗਮ ਵਿੱਚ 5,000 ਤੋਂ ਵੱਧ ਸ਼ਰਧਾਲੂ ਸ਼ਾਮਲ ਹੋਏ, ਜਿਨ੍ਹਾਂ ਵਿੱਚ ਪਾਕਿਸਤਾਨ ਦੇ ਪੇਸ਼ਾਵਰ ਤੋਂ ਆਇਆ 40 ਸ਼ਰਧਾਲੂਆਂ ਦਾ ਜਥਾ ਵੀ ਸ਼ਾਮਲ ਸੀ। ਇਸ ਸਾਲ 23 ਮਈ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ ਸਨ ਅਤੇ ਯਾਤਰਾ ਦੌਰਾਨ ਲਗਭਗ 3.80 ਲੱਖ ਸ਼ਰਧਾਲੂਆਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ। ਕਪਾਟ ਬੰਦ ਹੋਣ ਤੋਂ ਇੱਕ ਦਿਨ ਪਹਿਲਾਂ ਹੋਈ ਭਾਰੀ ਬਰਫ਼ਬਾਰੀ ਕਾਰਨ ਪੂਰਾ ਧਾਮ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕ ਗਿਆ, ਜਿਸ ਨੇ ਇਸ ਪਵਿੱਤਰ ਅਸਥਾਨ ਦੀ ਸੁੰਦਰਤਾ ਨੂੰ ਹੋਰ ਵੀ ਵਧਾ ਦਿੱਤਾ। ਸਵੇਰੇ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਉਪਰੰਤ ਯਾਤਰਾ ਸੀਜ਼ਨ ਦੀ ਆਖਰੀ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਅਤੇ ਫ਼ੌਜੀ ਬੈਂਡ ਦੀਆਂ ਧੁਨਾਂ ਵਿਚਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚਖੰਡ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਗਿਆ। ਇਸ ਦੇ ਨਾਲ ਹੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸੰਪੰਨ ਹੋ ਗਈ। ਉੱਧਰ, ਲੋਕਪਾਲ ਘਾਟੀ ਦੇ ਹੋਰ ਧਾਰਮਿਕ ਸਥਾਨਾਂ ਦੇ ਕਪਾਟ ਬੰਦ ਕਰਨ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲਕਸ਼ਮਣ ਮੰਦਰ ਦੇ ਕਪਾਟ ਐਤਵਾਰ ਨੂੰ ਬੰਦ ਕੀਤੇ ਜਾਣਗੇ।
