ਥਾਈਲੈਂਡ ’ਚ ਵੱਡਾ ਰੇਲ ਹਾਦਸਾ: ਕਰੇਨ ਡਿੱਗਣ ਨਾਲ ਯਾਤਰੀ ਰੇਲ ਪਟੜੀ ਤੋਂ ਉਤਰੀ, 22 ਮੌਤਾਂ, 79 ਜ਼ਖਮੀ

ਨਿਊਜ਼ ਪੰਜਾਬ

14 ਜਨਵਰੀ 2026

ਥਾਈਲੈਂਡ ਵਿੱਚ ਅੱਜ ਸਵੇਰੇ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ, ਜਿਸ ਵਿੱਚ ਹੁਣ ਤੱਕ 22 ਲੋਕਾਂ ਦੀ ਮੌਤ ਅਤੇ 79 ਯਾਤਰੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਇਹ ਹਾਦਸਾ ਸਵੇਰੇ 9:05 ਵਜੇ ਬੈਂਕਾਕ ਤੋਂ ਲਗਭਗ 230 ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਨਾਖੋਨ ਰਤਚਾਸੀਮਾ ਸੂਬੇ ਵਿੱਚ ਵਾਪਰਿਆ। ਅਧਿਕਾਰੀਆਂ ਮੁਤਾਬਕ ਰੇਲਵੇ ਪੁਲ ਦੇ ਨਿਰਮਾਣ ਦੌਰਾਨ ਵਰਤੀ ਜਾ ਰਹੀ ਇੱਕ ਕਰੇਨ ਅਚਾਨਕ ਤੇਜ਼ ਰਫ਼ਤਾਰ ਯਾਤਰੀ ਰੇਲਗੱਡੀ ’ਤੇ ਡਿੱਗ ਗਈ। ਕਰੇਨ ਡਿੱਗਣ ਕਾਰਨ ਡਰਾਈਵਰ ਕੋਲੋਂ ਬ੍ਰੇਕ ਨਹੀਂ ਲੱਗ ਸਕੀ ਅਤੇ ਟੱਕਰ ਤੋਂ ਬਾਅਦ ਕਰੇਨ ਦਾ ਮਲਬਾ ਰੇਲਗੱਡੀ ਉੱਤੇ ਆ ਡਿੱਗਿਆ।

ਇਸ ਭਿਆਨਕ ਟੱਕਰ ਨਾਲ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਕੁਝ ਡੱਬਿਆਂ ਵਿੱਚ ਅੱਗ ਵੀ ਲੱਗ ਗਈ। ਹਾਦਸੇ ਸਮੇਂ ਰੇਲਗੱਡੀ ਵਿੱਚ ਜ਼ਿਆਦਾਤਰ ਸਕੂਲੀ ਵਿਦਿਆਰਥੀ ਸਵਾਰ ਸਨ, ਜਿਸ ਕਾਰਨ ਮੌਕੇ ’ਤੇ ਹੜਕੰਪ ਮਚ ਗਿਆ।

ਹਾਦਸੇ ਤੋਂ ਕੁਝ ਮਿੰਟਾਂ ਅੰਦਰ ਹੀ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਅੱਗ ’ਤੇ ਕਾਬੂ ਪਾ ਲਿਆ ਗਿਆ ਹੈ, ਪਰ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਡੱਬਿਆਂ ਵਿੱਚ ਫਸੇ ਯਾਤਰੀਆਂ ਨੂੰ ਕੱਟਣ ਅਤੇ ਫੈਲਾਉਣ ਵਾਲੇ ਖਾਸ ਉਪਕਰਣਾਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਰੇਲਗੱਡੀ ਦੀਆਂ ਖਿੜਕੀਆਂ ਪੂਰੀ ਤਰ੍ਹਾਂ ਚਕਨਾਚੂਰ ਹੋ ਗਈਆਂ।ਪ੍ਰਸ਼ਾਸਨ ਅਤੇ ਰੇਲਵੇ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਨਿਰਮਾਣ ਦੌਰਾਨ ਕਰੇਨ ਕਿਵੇਂ ਅਤੇ ਕਿਉਂ ਡਿੱਗੀ। ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।