ਨਿਊਜ਼ ਪੰਜਾਬ
30 ਸਤੰਬਰ 2025
ਦੱਖਣੀ ਏਸ਼ੀਆ ਦੇ ਦੇਸ਼ ਇੰਡੋਨੇਸ਼ੀਆ ਦੇ ਜਾਵਾ ਟਾਪੂ ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਇਸਲਾਮਿਕ ਸਕੂਲ ਦੀ ਇਮਾਰਤ ਅਚਾਨਕ ਢਹਿ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮਲਬੇ ਹੇਠ ਕਰੀਬ 65 ਬੱਚੇ ਦੱਬੇ ਹੋਏ ਹਨ
ਐਸੋਸੀਏਟਡ ਪ੍ਰੈਸ ਦੀ ਰਿਪੋਰਟ ਅਨੁਸਾਰ, ਹਾਦਸੇ ਵਾਲੀ ਥਾਂ ‘ਤੇ ਬਚਾਅ ਕਾਰਜ ਜਾਰੀ ਹੈ ਅਤੇ ਹੁਣ ਤੱਕ ਇੱਕ ਬੱਚੇ ਦੀ ਮ੍ਰਿਤਕ ਦੇਹ ਮਿਲ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਕੂਲ ਦੀ ਇਮਾਰਤ ਨਿਰਮਾਣ ਅਧੀਨ ਸੀ ਕਿ ਅਚਾਨਕ ਢਹਿ ਗਈ।ਬਚਾਅ ਦਲ ਦੇ ਕਰਮਚਾਰੀ, ਪੁਲਿਸ ਅਤੇ ਸੈਨਿਕ ਰਾਤ ਭਰ ਮਲਬੇ ਦੀ ਖੁਦਾਈ ਵਿੱਚ ਜੁੱਟੇ ਰਹੇ। ਮਲਬੇ ਹੇਠ ਦੱਬੇ ਵਿਦਿਆਰਥੀਆਂ ਤੱਕ ਆਕਸੀਜਨ ਅਤੇ ਪਾਣੀ ਪਹੁੰਚਾਇਆ ਜਾ ਰਿਹਾ ਹੈ।ਬਚਾਅ ਕਰਮੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਮਲਬੇ ਹੇਠ ਦੱਬੇ ਬੱਚੇ ਨਜ਼ਰ ਆ ਰਹੇ ਹਨ, ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ।ਮਲਬੇ ਹੇਠ ਦੱਬੇ ਵਿਦਿਆਰਥੀਆਂ ਵਿੱਚੋਂ ਜ਼ਿਆਦਾਤਰ 7ਵੀਂ ਤੋਂ 11ਵੀਂ ਕਲਾਸ ਦੇ ਲੜਕੇ ਹਨ, ਜਿਨ੍ਹਾਂ ਦੀ ਉਮਰ 12 ਤੋਂ 17 ਸਾਲ ਦੇ ਵਿਚਕਾਰ ਹੈ। ਸਕੂਲ ਕੰਪਲੈਕਸ ਵਿੱਚ ਕਮਾਂਡ ਪੋਸਟ ‘ਤੇ ਇੱਕ ਨੋਟਿਸ ਲਗਾ ਕੇ ਹਾਦਸੇ ਦੀ ਜਾਣਕਾਰੀ ਬੱਚਿਆਂ ਦੇ ਮਾਪਿਆਂ ਨੂੰ ਦਿੱਤੀ ਗਈ ਹੈ।
ਸਕੂਲ ਕੰਪਲੈਕਸ ਅਤੇ ਹਾਦਸੇ ਵਾਲੀ ਥਾਂ ਦੇ ਆਸ-ਪਾਸ ਮਾਪਿਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ। ਉਹ ਆਪਣੇ ਬੱਚਿਆਂ ਦੀ ਸਲਾਮਤੀ ਲਈ ਦੁਆਵਾਂ ਕਰ ਰਹੇ ਹਨ ਅਤੇ ਕਈ ਮਾਵਾਂ ਰੋ-ਰੋ ਕੇ ਬੇਹਾਲ ਹੋ ਚੁੱਕੀਆਂ ਹਨ। ਉਹ ਬੇਸਬਰੀ ਨਾਲ ਆਪਣੇ ਬੱਚਿਆਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਹਨ।
