ਰੋਗ ਨਿਵਾਰਨ ਕੈਂਪ ਕੈਲਗਰੀ : ਲਾਵਾਂ ਦਾ ਪਾਠ ਅਧਿਆਤਮ ਮਾਰਗ ਦੀਆਂ ਚਾਰ ਪੌੜੀਆਂ ਹਨ – ਸਰਦਾਰ ਹਰਦਿਆਲ ਸਿੰਘ

ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ  ਵੱਲੋਂ ਗੁਰਦੁਆਰਾ ਗੁਰੂ ਰਾਮ ਦਾਸ ਦਰਬਾਰ ਕੈਲਗਰੀ ਵਿਖ਼ੇ ਆਰੰਭੇ ਰੋਗ ਨਿਵਾਰਨ ਕੈਂਪ ਦੇ ਤੀਜ਼ੇ ਦਿਨ ਵੀ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਵਿਖਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਕੈਂਪ ਵਿੱਚ ਸ਼ਾਮਲ ਹੋਈਆਂ, ਕੈਂਪ ਨੂੰ ਸੰਬੋਧਿਨ ਕਰਦਿਆਂ ਮਿਸ਼ਨ ਦੇ

ਮੁੱਖ ਸੇਵਾਦਾਰ ਸਰਦਾਰ ਹਰਦਿਆਲ ਸਿੰਘ IAS (R) ਨੇ ਲਾਵਾਂ ਦੇ ਪਾਠ ਨੂੰ ਅਧਿਆਤਮ ਮਾਰਗ ਦੀਆਂ ਚਾਰ ਪੌੜੀਆਂ ਦਰਸਾਉਂਦੇ ਹੋਏ, ਇਸ ਪਾਠ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ।

ਗੁਰਦੀਸ਼ ਕੌਰ ਗਰੇਵਾਲ

ਕੈਲਗਰੀ, 21 ਜੁਲਾਈ – ਅੱਜ ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਦੇ ਸਮਾਗਮ ਦਾ ( 19 ਜੁਲਾਈ ਤੋਂ 22 ਜੁਲਾਈ ) ਤੀਸਰਾ ਦਿਨ ਸੀ। ਅੱਜ ਦਾ ਸਮਾਗਮ ਬਾਅਦ ਦੁਪਹਿਰ ਡੇਢ ਵਜੇ ਸੁਖਮਨੀ ਸਾਹਿਬ ਦੀਆਂ ਛੇ ਅਸ਼ਟਪਦੀਆਂ ਪੜ੍ਹ ਕੇ ਆਰੰਭ ਕੀਤਾ ਗਿਆ। ਉਸ ਤੋਂ ਬਾਅਦ ਟਰਾਂਟੋ ਤੋਂ ਆਏ ਤਿੰਨ ਨਿਸ਼ਕਾਮ ਸੇਵਾਦਾਰਾਂ ਨੇ ਵਾਰੀ ਵਾਰੀ ਅੱਧਾ ਅੱਧਾ ਘੰਟਾ ਸ਼ਬਦ ਜਾਪ ਕਰਵਾਇਆ।

ਬੀਬੀ ਗੁਰਦੀਸ਼ ਕੌਰ ਅਤੇ ਬੀਬੀ ਜਸਵੀਰ ਕੌਰ ਨੇ ਰਲ ਕੇ ਸ਼ਬਦ ਜਾਪ ਕਰਵਾ ਕੇ ਕੇ ਭਰੋਸੇ ਵਾਲੇ ਸ਼ਬਦਾਂ ਨੂੰ ਹੋਰ ਦ੍ਰਿੜ ਕਰਵਾਇਆ। ਸਾਢੇ ਚਾਰ ਤੋਂ ਪੰਜ ਵਜੇ ਤੱਕ ਕੈਂਪ ਲਈ ਆਈ ਟੀਮ ਦੇ ਦੋ ਗੁਰਮੁਖਾਂ ਨੇ ਦੁਬਾਰਾ ਸ਼ਬਦ ਜਾਪ ਕਰਵਾਇਆ। ਪੰਜ ਤੋਂ ਛੇ ਵਜੇ ਤੱਕ

ਸਰਦਾਰ ਹਰਦਿਆਲ ਸਿੰਘ  ਆਈ ਏ ਐਸ (ਰਿਟਾਇਰਡ) ਨੇ ਹਰ ਰੋਜ਼ ਵਾਂਗ ਇਕ ਘੰਟਾ ਗੁਰਬਾਣੀ ਅਧਾਰਤ ਲੈਕਚਰ ਦੇ ਕੇ, ਸੰਗਤਾਂ ਨੂੰ ਭਗਤੀ ਦੀਆਂ ਅਵਸਥਾਵਾਂ ਤੋਂ ਜਾਣੂ ਕਰਵਾਇਆ। ਉਹਨਾਂ ਲਾਵਾਂ ਦੇ ਪਾਠ ਨੂੰ ਅਧਿਆਤਮ ਮਾਰਗ ਦੀਆਂ ਚਾਰ ਪੌੜੀਆਂ ਦਰਸਾਉਂਦੇ ਹੋਏ, ਇਸ ਪਾਠ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ।

ਉਹਨਾਂ ਸੁਖਮਨੀ ਸਾਹਿਬ ਦੇ ਫਰਮਾਨ ਦੇ ਕੇ, ਹਉਮੈ ਦੀ ਮੈਲ ਧੋਣ, ਅਤੇ ਵਾਹਿਗੁਰੂ ਜੀ ਨਾਲ ਪ੍ਰੇਮ ਪਾਉਣ ਦੀਆਂ ਜੁਗਤੀਆਂ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਜਪੁਜੀ ਸਾਹਿਬ ਦਾ ਪਾਠ 25 ਮਿੰਟ ਜੇ ਮਨ ਦੇ ਫੁਰਨਿਆਂ ਤੋਂ ਬਗੈਰ ਕਰ ਲਿਆ ਜਾਵੇ ਤਾਂ ਸਾਡੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ, ਉਹ ਕਰਾਮਾਤੀ ਸ਼ਕਤੀਆਂ ਦਾ ਮਾਲਕ ਬਣ ਜਾਂਦਾ ਹੈ। ਜੋ ਵਿਅਕਤੀ ਪਰਮਾਤਮਾ ਦੀ ਮਿਹਰ ਦਾ ਪਾਤਰ ਹੋ ਕੇ, ਸਹਜ ਦੀ ਅਵਸਥਾ ਧਾਰਨ ਕਰ ਲਵੇ, ਉਸ ਨੂੰ ਕੁਦਰਤੀ ਤੌਰ ਤੇ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ- ਪਰ ਇਹਨਾਂ ਸ਼ਕਤੀਆਂ ਦਾ ਦਿਖਾਵਾ ਕਰਨ ਤੋਂ, ਗੁਰਮਤਿ ਵਿੱਚ ਮਨਾਹੀ ਹੈ।

ਅੱਜ ਉਚੇਚੇ ਤੌਰ ਤੇ ਸ਼ਿਵਾਲਕ ਟੀਵੀ ਚੈਨਲ ਦੇ ਕੈਲਗਰੀ ਰਿਪੋਰਟਰ, ਪਰਮਜੀਤ ਸਿੰਘ ਭੰਗੂ, ਅਤੇ ਬਾਤ ਪੰਜਾਬ ਦੀ ਚੈਨਲ ਦੇ ਮਾਲਕ ਸੁਭਾਸ਼ ਸ਼ਰਮਾ  ਵੀ ਅਚੇਚੇ ਤੌਰ ਤੇ ਸਮਾਗਮ ਦੀ ਕਵਰੇਜ ਕਰਨ ਲਈ ਪਹੁੰਚੇ। ਉਨਾਂ ਨੇ ਠੀਕ ਹੋਏ ਮਰੀਜ਼ਾਂ ਅਤੇ ਸਰਦਾਰ ਹਰਦਿਆਲ ਸਿੰਘ ਜੀ ਨਾਲ, ਖਾਸ ਤੌਰ ਤੇ ਗੱਲਬਾਤ ਵੀ ਕੀਤੀ।

ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਤਿੰਨਾਂ ਭਾਸ਼ਾਵਾਂ ਵਿੱਚ ਲਿਖਿਆ ਹੋਇਆ, ਮਿਸ਼ਨ ਦਾ ਲਿਟਰੇਚਰ ਵੀ ਲਿਆ ਅਤੇ ਬੋਲ ਕੇ ਫੀਡਬੈਕ ਵੀ ਦਿੱਤਾ।

ਅਰਦਾਸ ਅਤੇ ਹੁਕਮਨਾਮੇ ਨਾਲ ਅੱਜ ਦੇ ਸਮਾਗਮ ਦੀ ਸਮਾਪਤੀ ਹੋਈ। ਸਮਾਪਤੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।