ਚੰਡੀਗੜ੍ਹ ਸੈਕਟਰ 38 ਵੈਸਟ ’ਚ 36 ਸਾਲ ਪੁਰਾਣੀ ਸ਼ਾਹਪੁਰ ਕਲੋਨੀ’ਚ ਪੀਲਾ ਪੰਜਾ, ਮੌਕੇ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ

ਨਿਊਜ਼ ਪੰਜਾਬ

30 ਸਤੰਬਰ 2025

ਅੱਜ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਸੈਕਟਰ 38 ਵੈਸਟ ਵਿੱਚ 36 ਸਾਲ ਪੁਰਾਣੀ ਸ਼ਾਹਪੁਰ ਰਿਹਾਇਸ਼ੀ ਕਲੋਨੀ ਵਿਰੁੱਧ ਕਾਰਵਾਈ ਕੀਤੀ। ਮੰਗਲਵਾਰ ਸਵੇਰੇ, ਇੱਕ ਟੀਮ, ਵੱਡੀ ਪੁਲਿਸ ਫੋਰਸ ਦੇ ਨਾਲ, ਮੌਕੇ ‘ਤੇ ਪਹੁੰਚੀ ਅਤੇ ਕਲੋਨੀ ਦੇ ਘਰਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਸਵੇਰੇ 8:30 ਵਜੇ ਤੱਕ, ਜ਼ਿਆਦਾਤਰ ਘਰ ਮਲਬੇ ਵਿੱਚ ਬਦਲ ਗਏ ਸਨ।ਅਸਟੇਟ ਦਫ਼ਤਰ ਦੇ ਅਧਿਕਾਰੀਆਂ ਵਲੋਂ ਜਿਨ੍ਹਾਂ ਘਰਾਂ ਨੂੰ ਅਦਾਲਤ ਤੋਂ ਸਟੇਅ ਮਿਲਿਆ ਹੈ, ਉਨ੍ਹਾਂ ਨੂੰ ਕਰਾਸ ਦਾ ਨਿਸ਼ਾਨ ਲਗਾ ਕੇ ਛੱਡ ਦਿੱਤਾ ਗਿਆ ਹੈ।

ਅਸਟੇਟ ਦਫ਼ਤਰ ਨੇ ਕਲੋਨੀ ਵਸਨੀਕਾਂ ਨੂੰ 30 ਸਤੰਬਰ ਤੱਕ ਖ਼ਾਲੀ ਕਰਨ ਦੀ ਚਿਤਾਵਨੀ ਪਹਿਲਾਂ ਹੀ ਦੇ ਦਿੱਤੀ ਸੀ। ਇਸ ਤੋਂ ਬਾਅਦ ਡੀ.ਸੀ. ਵਲੋਂ ਲਿਖਤੀ ਆਦੇਸ਼ ਜਾਰੀ ਹੋਏ। ਕਾਰਵਾਈ ਲਈ 4 ਜੇ.ਸੀ.ਬੀ., 10 ਟਰੱਕ ਅਤੇ 200 ਮਜ਼ਦੂਰ ਮੌਕੇ ’ਤੇ ਲਿਆਂਦੇ ਗਏ। ਮੁੱਖ ਇੰਜੀਨੀਅਰ ਨੂੰ ਕਾਰਵਾਈ ਦੀ ਕਮਾਨ ਸੌਂਪੀ ਗਈ ਹੈ, ਜਦੋਂ ਕਿ ਐਸ.ਡੀ.ਓ. ਅਤੇ ਜੇ.ਈ. ਵੀ ਮੌਕੇ ’ਤੇ ਮੌਜੂਦ ਹਨ।

ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਬਚਣ ਲਈ ਪ੍ਰਸ਼ਾਸਨ ਵਲੋਂ 200 ਪੁਲਿਸ ਕਰਮਚਾਰੀ, ਚਾਰ ਡੀ.ਐਸ.ਪੀ., ਮਹਿਲਾ ਕਾਂਸਟੇਬਲਾਂ ਸਮੇਤ ਐਸ.ਐਸ.ਪੀ. ਦੀ ਟੀਮ ਤਾਇਨਾਤ ਕੀਤੀ ਗਈ। ਇਸ ਦੇ ਨਾਲ ਹੀ ਚਾਰ ਐਂਬੂਲੈਂਸਾਂ ਵੀ ਘਟਨਾ ਸਥਾਨ ’ਤੇ ਰੱਖੀਆਂ ਗਈਆਂ।