ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਦਾ ਕਹਿਰ, ਬਠਿੰਡਾ ‘ਚ ਤਾਪਮਾਨ 0.6 ਡਿਗਰੀ ਤੱਕ ਡਿੱਗਿਆ, ਰੈੱਡ ਅਲਰਟ ਜਾਰੀ

ਨਿਊਜ਼ ਪੰਜਾਬ

13 ਜਨਵਰੀ 2026

ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਭਿਆਨਕ ਸੀਤ ਲਹਿਰ ਜਾਰੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੈਦਾਨੀ ਇਲਾਕੇ ਪਹਾੜੀ ਖੇਤਰਾਂ ਨਾਲੋਂ ਵੀ ਜ਼ਿਆਦਾ ਠੰਢੇ ਹੋ ਗਏ ਹਨ। ਸੋਮਵਾਰ ਨੂੰ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਜਮਾਅ ਬਿੰਦੂ ਦੇ ਬਹੁਤ ਨੇੜੇ ਹੈ। ਇਸ ਕਾਰਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਵੀ ਆਮ ਨਾਲੋਂ ਕਰੀਬ 5 ਡਿਗਰੀ ਘੱਟ ਰਿਹਾ।

ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਦਕਿ ਗੁਰਦਾਸਪੁਰ ਅਤੇ ਫਰੀਦਕੋਟ ਸਮੇਤ ਕਈ ਇਲਾਕਿਆਂ ਵਿੱਚ ਤਾਪਮਾਨ 2 ਡਿਗਰੀ ਤੋਂ ਹੇਠਾਂ ਰਿਹਾ।ਭਾਰੀ ਧੁੰਦ ਨੇ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਅੰਮ੍ਰਿਤਸਰ ਵਿੱਚ ਦ੍ਰਿਸ਼ਟੀ ਲਗਭਗ ਜ਼ੀਰੋ ਰਹੀ, ਐਸਬੀਐਸ ਨਗਰ ਵਿੱਚ ਸਿਰਫ਼ 10 ਮੀਟਰ, ਬਠਿੰਡਾ, ਫਰੀਦਕੋਟ ਅਤੇ ਗੁਰਦਾਸਪੁਰ ਵਿੱਚ 50 ਮੀਟਰ ਤੋਂ ਘੱਟ, ਜਦਕਿ ਪਟਿਆਲਾ ਵਿੱਚ ਕਰੀਬ 100 ਮੀਟਰ ਦ੍ਰਿਸ਼ਟੀ ਦਰਜ ਕੀਤੀ ਗਈ।

ਮੌਸਮ ਵਿਭਾਗ ਮੁਤਾਬਕ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਠੰਢ ਤੋਂ ਕੋਈ ਵੱਡੀ ਰਾਹਤ ਨਹੀਂ ਮਿਲੇਗੀ। ਇਸਦਾ ਅਰਥ ਹੈ ਕਿ ਲੋਹੜੀ ਅਤੇ ਮਕਰ ਸੰਕ੍ਰਾਂਤੀ ਵੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਵਿਚਕਾਰ ਮਨਾਉਣੀ ਪਵੇਗੀ। ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਚੇਤਾਵਨੀ ਦਿੱਤੀ ਗਈ ਹੈ ਕਿ ਮੰਗਲਵਾਰ ਨੂੰ ਤਾਪਮਾਨ ਹੋਰ ਵੀ ਡਿੱਗ ਸਕਦਾ ਹੈ।

ਹਾਲਾਂਕਿ, 17–18 ਜਨਵਰੀ ਦੌਰਾਨ ਕੁਝ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਨਾਲ ਸੁੱਕੀ ਠੰਢ ਤੋਂ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਮੀਂਹ ਦੀ ਘਾਟ ਕਾਰਨ ਇਸ ਸਮੇਂ ਸੁੱਕੀ ਸੀਤ ਲਹਿਰ ਬਣੀ ਹੋਈ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਧੁੱਪ ਨਿਕਲਣ ਨਾਲ ਦਿਨ ਦਾ ਤਾਪਮਾਨ ਕੁਝ ਵਧ ਸਕਦਾ ਹੈ।

ਇਸ ਦਰਮਿਆਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਲੋਕਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ, ਬੱਚਿਆਂ, ਗਰਭਵਤੀ ਔਰਤਾਂ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਗਰਮ ਰਹਿਣ, ਸਵੇਰ ਦੀ ਸੈਰ ਤੋਂ ਬਚਣ ਅਤੇ ਬਾਹਰ ਨਿਕਲਣ ਸਮੇਂ ਪੂਰੇ ਗਰਮ ਕੱਪੜੇ ਪਹਿਨਣੇ ਚਾਹੀਦੇ ਹਨ।