ਐਲਿਸਾ ਹੀਲੀ ਦਾ ਸੰਨਿਆਸ ਐਲਾਨ: ਭਾਰਤ ਖ਼ਿਲਾਫ਼ ਡੇ-ਨਾਈਟ ਟੈਸਟ ਹੋਵੇਗਾ ਆਖਰੀ ਅੰਤਰਰਾਸ਼ਟਰੀ ਮੈਚ

ਨਿਊਜ਼ ਪੰਜਾਬ

13 ਜਨਵਰੀ 2026

ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਦਿੱਗਜ਼ ਵਿਕਟਕੀਪਰ ਤੇ ਬੱਲੇਬਾਜ਼ ਐਲਿਸਾ ਹੀਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਫਰਵਰੀ-ਮਾਰਚ 2026 ਵਿਚ ਭਾਰਤ ਵਿਰੁੱਧ ਘਰੇਲੂ ਮਲਟੀ-ਫਾਰਮੈਟ ਸੀਰੀਜ਼ ਤੋਂ ਬਾਅਦ ਆਪਣੇ ਕਰੀਅਰ ਦਾ ਅੰਤ ਕਰੇਗੀ। ਪਰਥ ਵਿਚ ਖੇਡਿਆ ਜਾਣ ਵਾਲਾ ਡੇ-ਨਾਈਟ ਟੈਸਟ ਉਸ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋਵੇਗਾ।

ਐਲਿਸਾ ਹੀਲੀ ਭਾਰਤ ਵਿਰੁੱਧ ਪ੍ਰਸਤਾਵਿਤ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਹਿੱਸਾ ਨਹੀਂ ਲਵੇਗੀ। ਉਸ ਨੇ ਇਹ ਫੈਸਲਾ ਸਾਲ ਦੇ ਅੰਤ ਵਿਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੈ, ਤਾਂ ਜੋ ਟੀਮ ਨਵੀਆਂ ਖਿਡਾਰਨਾਂ ਨਾਲ ਤਿਆਰੀਆਂ ਸ਼ੁਰੂ ਕਰ ਸਕੇ। ਹੀਲੀ ਭਾਰਤ ਵਿਰੁੱਧ ਇਕ ਰੋਜ਼ਾ ਮੈਚ ਖੇਡੇਗੀ ਅਤੇ ਫਿਰ 6-9 ਮਾਰਚ, 2026 ਤੱਕ ਪਰਥ ਵਿਚ ਹੋਣ ਵਾਲੇ ਡੇ-ਨਾਈਟ ਟੈਸਟ ਵਿਚ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡੇਗੀ। ਇਹ ਉਸ ਦੇ ਕਰੀਅਰ ਦਾ 11ਵਾਂ ਟੈਸਟ ਮੈਚ ਹੋਵੇਗਾ।