ਅਵਾਰਾ ਕੁੱਤਿਆਂ ਦੀ ਸੱਮਸਿਆ ਅਤੇ ਸੂਝਵਾਨ ਲੋਕ : ਪ੍ਰੋ ਸੁਖਵੰਤ ਸਿੰਘ ਗਿੱਲ ਪ੍ਰਧਾਨ, ਸਿਟੀਜਨ ਸੋਸ਼ਲ ਵੈਲਫੇਅਰ ਫੋਰਮ (ਰਜਿ) ਬਟਾਲਾ ਵੱਲੋਂ ਅਪੀਲ   

ਅੱਜ ਸਿਟੀਜ਼ਨਜ਼ ਸੋਸ਼ਲ ਵੈਲਫੇਅਰ ਫੋਰਮ ਨੂੰ ਬਟਾਲਾ ਸ਼ਹਿਰ ਦੇ ਇਕ ਮਹੱਲਾ ਵਾਸੀਆਂ ਵੱਲੋਂ ਅਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਬਚਾਉਣ ਲਈ ਇੱਕ ਲਿਖਤੀ ਬੇਨਤੀ ਪੱਤਰ ਪ੍ਰਾਪਤ ਹੋਇਆ ਹੈ। ਇਸ ਵਿੱਚ ਉਹਨਾਂ ਲਿਖਿਆ ਹੈ ਕਿ ਉਸ ਮਹੱਲੇ ਵਿੱਚ ਇਕ ਆਦਮੀ ਰਹਿੰਦਾ ਹੈ, ਜਿਸਨੇ 10,12 ਅਵਾਰਾ ਕੁੱਤੇ ਰੱਖੇ ਹੋਏ ਹਨ, ਜਿਸ ਕਰਕੇ ਸਾਰੇ ਮਹੱਲੇ ਦੇ ਲੋਕਾਂ ਲਈ ਘਰ ਤੋਂ ਬਾਹਰ ਨਿਕਲਣਾ ਤੇ ਸੜਕ ਤੇ ਤੁਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਲਈ ਸਾਨੂੰ ਕੁੱਤਿਆਂ ਦੇ ਇਸ ਆਤੰਕ ਤੋਂ ਬਚਾਇਆ ਜਾਵੇ।

ਹੁਣ ਇਸ ਸਮਸਿਆ ਸਬੰਧੀ ਕਾਨੂੰਨੀ ਸਥਿਤੀ ਇਹ ਹੈ ਕਿ ਜਿਸ ਆਦਮੀ ਨੇ ਵੀ ਘਰ ਵਿੱਚ ਕੁੱਤਾ/ਕੁੱਤੇ ਰੱਖੇ ਹੋਏ ਹੁੰਦੇ ਹਨ, ਉਸ ਆਦਮੀ ਨੂੰ ਉਹਨਾਂ ਕੁੱਤਿਆਂ ਦੀ ਰਜਿਸਟਰੇਸ਼ਨ ਆਪਣੀ ਪਿੰਡ ਪੰਚਾਇਤ/ ਨਗਰ ਕੌਂਸਲ ਜਾਂ ਨਗਰ ਨਿਗਮ ਕੋਲ ਕਰਾਉਣੀ ਜ਼ਰੂਰੀ ਹੈ। ਦੂਜਾ ਅਤੇ ਸਭ ਤੋਂ ਜ਼ਰੂਰੀ ਇਹ ਕੰਮ ਹੈ ਕਿ ਪਿੰਡ ਪੰਚਾਇਤ, ਨਗਰ ਕੌਂਸਲ ਜਾਂ ਨਗਰ ਨਿਗਮ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਅਵਾਰਾ ਕੁੱਤਿਆਂ ਲਈ ਸ਼ੈਲਟਰ ਹੋਮ (ਡਾਗ ਪਾਉਂਡ) ਦਾ ਨਿਰਮਾਣ ਕਰਨ। ਇਸ ਕੰਮ ਨੂੰ ਕਰਨ ਲਈ, ਹਰ ਪਿੰਡ ਜਾਂ ਸ਼ਹਿਰ ਵਿੱਚ ਇਸ ਕੰਮ ਨੂੰ ਸਿਰੇ ਚਾੜਨ ਲਈ ਡੌਗ ਮਨੀਟਰਿੰਗ ਕਮੇਟੀ ਬਣਾਉਣੀ ਹੁੰਦੀ ਹੈ।

ਹੁਣ ਅਗਲਾ ਸਵਾਲ ਇਹ ਹੈ ਕਿ ਜਿਸ ਆਦਮੀ ਨੇ ਆਪਣੇ ਘਰ ਵਿੱਚ ਅਵਾਰਾ ਕੁੱਤੇ ਰੱਖੇ ਹੋਏ ਹਨ, ਉਸ ਨੂੰ ਪਿੰਡ ਦੀ ਪੰਚਾਇਤ ਜਾਂ ਨਗਰ ਕੌਂਸਲ ਜਾਂ ਨਗਰ ਨਿਗਮ ਦਫਤਰ ਵਿੱਚ ਆਪਣੇ ਰੱਖੇ ਹੋਏ ਕੁੱਤਿਆਂ ਦੀ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਹੈ। ਜੇਕਰ ਉਸ ਆਦਮੀ ਨੇ ਆਪਣੇ ਘਰ ਵਿੱਚ ਰੱਖੇ ਹੋਏ ਕੁੱਤਿਆਂ ਦੀ ਰਜਿਸਟਰੇਸ਼ਨ ਨਹੀਂ ਕਰਵਾਈ, ਤਾਂ ਅਜਿਹੀ ਹਾਲਤ ਵਿੱਚ ਪਿੰਡ ਦੀ ਪੰਚਾਇਤ ਜਾਂ ਨਗਰ ਕੌਂਸਲ ਜਾਂ ਨਗਰ ਨਿਗਮ ਪੂਰਾ ਅਧਿਕਾਰ ਰੱਖਦੀ ਹੈ ਕਿ ਉਹ ਸਬੰਧਤ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕਰੇ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਦੂਸਰੇ ਪਾਸੇ ਪਿੰਡ ਦੀ ਪੰਚਾਇਤ ਜਾਂ ਨਗਰ ਕੌਂਸਲ ਜਾਂ ਨਗਰ ਨਿਗਮ ਡੌਗ ਸ਼ੈਲਟਰ ਨਹੀਂ ਬਣਾਉਂਦੀ ਜਾਂ ਜਿਸ ਆਦਮੀ ਨੇ ਆਪਣੇ ਘਰ ਵਿੱਚ ਕੁੱਤੇ ਅਣ-ਅਧਿਕਾਰਤ ਤੌਰ ਤੇ ਰੱਖੇ ਹੋਏ ਹਨ ਅਤੇ ਪਿੰਡ ਪੰਚਾਇਤ ਜਾਂ ਨਗਰ ਕੌਂਸਲ ਜਾਂ ਨਗਰ ਨਿਗਮ ਸੰਬੰਧਿਤ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਨਾ ਕਰੇ ਤਾਂ ਫਿਰ ਕੀ ਕੀਤਾ ਜਾਏ?

ਜੇਕਰ ਬਟਾਲਾ ਸ਼ਹਿਰ ਦੀ ਗੱਲ ਕਰੀਏ ਤਾਂ ਨਗਰ ਨਿਗਮ ਬਟਾਲਾ ਦੇ ਇਸ ਵੇਲੇ 50 ਕੌਂਸਲਰ ਹਨ ਅਤੇ ਮੇਰੇ ਵਿਚਾਰ ਵਿੱਚ ਇਹ ਸਾਰੇ ਕੌਂਸਲਰ ਬਟਾਲਾ ਵਾਸੀਆਂ ਦੀ ਸੇਵਾ ਕਰਨ ਲਈ ਅੱਗੇ ਆਏ ਸਨ। ਇਸ ਲਈ ਬਟਾਲਾ ਸ਼ਹਿਰ ਅੰਦਰ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ ਦੀ ਜ਼ਿੰਮੇਵਾਰੀ ਸਮੁੱਚੇ ਤੌਰ ਤੇ ਉਪਰੋਕਤ 50 ਕੌਂਸਲਰਾਂ ਦੀ ਹੈ। ਇਸ ਤੋਂ ਅੱਗੇ ਕਿਸੇ ਮਹੱਲੇ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਵਾਉਣ ਦੀ ਜ਼ਿੰਮੇਵਾਰੀ ਸੰਬੰਧਿਤ ਕੌਂਸਲਰ ਦੀ ਹੈ ਅਤੇ ਉਸਨੂੰ ਆਪਣਾ ਪੱਖ ਲਿਖਤੀ ਤੌਰ ਤੇ ਨਗਰ ਨਿਗਮ ਬਟਾਲਾ ਦੇ ਦਫਤਰ ਵਿੱਚ ਦੇਣਾ ਚਾਹੀਦਾ ਹੈ ਅਤੇ ਇਸ ਦਾ ਰਿਕਾਰਡ ਆਪਣੇ ਕੋਲ ਵੀ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਕੀਤੇ ਹੋਏ ਕੰਮ ਸਬੰਧੀ ਆਪਣੀ ਵਾਰਡ ਦੇ ਲੋਕਾਂ ਨੂੰ ਦੱਸ ਸਕਣ।

ਪਰ ਉਪਰੋਕਤ ਸਾਰੇ ਮਸਲਿਆਂ ਨੂੰ ਹੱਲ ਕਰਾਉਣ ਦੀ ਸ਼ਕਤੀ ਲੋਕਾਂ ਕੋਲ ਹੈ ਅਤੇ ਇਸ ਸ਼ਕਤੀ ਨੂੰ ਲੋਕ ਸ਼ਕਤੀ ਕਿਹਾ ਜਾਂਦਾ ਹੈ। ਜੇਕਰ ਲੋਕ ਆਪਣਾ ਨੁਮਾਇੰਦਾ ਚੁਣਨ ਤੋਂ ਬਾਅਦ ਸੌਂ ਜਾਂਦੇ ਹਨ ਤਾਂ ਯਕੀਨਨ ਉਹਨਾਂ ਦੇ ਮਸਲੇ ਹੱਲ ਨਹੀਂ ਹੋਣਗੇ ਅਸੀਂ ਜੇਕਰ ਅਤੇ ਜੇਕਰ ਉਹ ਸਾਵਧਾਨ ਰਹਿੰਦੇ ਹਨ, ਤਾਂ ਇਸ ਮਸਲੇ ਦਾ ਹੱਲ ਜਲਦੀ ਹੋ ਜਾਂਦਾ ਹੈ।

ਸੋ ਅੰਤ ਵਿੱਚ ਮੇਰੀ ਬਟਾਲੇ ਦੇ ਸੂਝਵਾਨ ਆਦਮੀਆਂ ਅਤੇ ਬਟਾਲਾ ਸ਼ਹਿਰ ਤੋਂ ਬਾਅਦ ਬਟਾਲੇ ਤੋਂ ਬਾਹਰ ਦੇ ਸੂਝਵਾਨ ਆਦਮੀਆਂ ਨੂੰ ਸਨਿਮਰ ਬੇਨਤੀ ਹੈ ਕਿ ਜਿਹੜੇ ਵੀ ਆਦਮੀ ਉਪਰੋਕਤ ਮਹੱਲਾ ਵਾਸੀਆਂ ਨੂੰ ਅਵਾਰਾ ਕੁੱਤਿਆਂ ਦੇ ਆਤੰਕ ਤੋਂ ਬਚਾਉਣ ਵਿੱਚ ਮਦਦਗਾਰ ਬਣਨਾ ਚਾਹੁੰਦੇ ਹਨ ਉਹ ਵਲੰਟੀਅਰ ਦੇ ਤੌਰ ਤੇ ਕੰਮ ਕਰਨ ਲਈ ਫੋਰਮ ਦੇ 9417234744 ਮੋਬਾਈਲ ਨੰਬਰ ਤੇ ਸੰਪਰਕ ਕਰਨ, ਕਿਉਂਕਿ ਇਹ ਮਸਲਾ ਬਟਾਲੇ ਦੇ ਇੱਕ ਮਹੱਲੇ ਦਾ ਨਹੀਂ ਹੈ ਸਗੋਂ ਇਹ ਮਸਲਾ ਹਰ ਪਿੰਡ ਜਾਂ ਹਰ ਸ਼ਹਿਰ ਅਤੇ ਹਰ ਮੁਹੱਲੇ ਦਾ ਮਸਲਾ ਹੈ। ਆਓ! ਇਸ ਮਸਲੇ ਦਾ ਕਾਨੂੰਨੀ ਹੱਲ ਕਰਵਾਉਣ ਵਿੱਚ ਇਹਨਾਂ ਦੀ ਮਦਦ ਕਰੀਏ। ਇਹਨਾਂ ਦੀ ਕੀਤੀ ਗਈ ਮਦਦ ਦਰ ਅਸਲ ਸਾਡੀ ਆਪਣੀ ਹੀ ਮਦਦ ਹੈ।

ਵੱਲੋਂ ਪ੍ਰੋ ਸੁਖਵੰਤ ਸਿੰਘ ਗਿੱਲ ਪ੍ਰਧਾਨ, ਸਿਟੀਜਨ ਸੋਸ਼ਲ ਵੈਲਫੇਅਰ ਫੋਰਮ (ਰਜਿ) ਬਟਾਲਾ।

———–

-ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਖਤਰਾ ਬੇਕਾਬੂ ਹੋਣ ਲੱਗਾ

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ਨੂੰ ਟੱਚ ਕਰੋ

https://newspunjab.net/73997