ਇਹ ਸਮਾਂ ਰਾਜਸੀ ਲੜਾਈ ਦਾ ਨਹੀਂ – ਮਹਾਂਮਾਰੀ ਰੋਕਣ ਲਈ ਪਾਬੰਦੀਆਂ ਦੀ ਪਾਲਣਾ ਕਰਨੀ ਜਰੂਰੀ – ਮੁੱਖ ਮੰਤਰੀ ਨੇ ਮੰਗਿਆ ਸਹਿਯੋਗ
ਸੂਬੇ ਦੀਆਂ ਸਾਰੀਆਂ ਰਜਿਸਟਰਡ ਰਾਜਸੀ ਪਾਰਟੀਆਂ ਨੂੰ ਵੀ ਲੋਕ ਹਿੱਤ ਵਿੱਚ ਸਿਆਸੀ ਇਕੱਠ ਨਾ ਕਰਨ ਦੀ ਲਿਖਤੀ ਅਪੀਲ ਕੀਤੀ
ਨਿਊਜ਼ ਪੰਜਾਬ
ਚੰਡੀਗੜ, 15 ਜੁਲਾਈ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਲਗਾਈਆਂ ਬੰਦਸ਼ਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖਿਲਾਫ ਆਪਣੇ ਉਲੀਕੇ ਰੋਸ ਪ੍ਰਦਰਸ਼ਨਾਂ ਨੂੰ ਮੁਲਤਵੀ ਕਰ ਦੇਣ।
ਸੂਬਾ ਸਰਕਾਰ ਵੱਲੋਂ ਇਕੱਠ ਨਾ ਕਰਨ ਦੀਆਂ ਲਾਈਆਂ ਰੋਕਾਂ ਦੇ ਬਾਵਜੂਦ ਕਈ ਕਿਸਾਨ ਯੂਨੀਅਨਾਂ ਵੱਲੋਂ ਆਪਣੇ ਰੋਸ ਪ੍ਰਦਰਸ਼ਨ ਦੇ ਪ੍ਰੋਗਰਾਮ ਦੇ ਫੈਸਲੇ ਉਤੇ ਕਾਇਮ ਰਹਿਣ ਦੀਆਂ ਰਿਪੋਰਟਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਉਨ•ਾਂ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਸੰਕਟ ਨੂੰ ਦੇਖਦਿਆਂ ਟਕਰਾਅ ਵਾਲੀ ਨੀਤੀ ਨਾ ਅਪਣਾਉਣ ਕਿਉਂਕਿ ਸੂਬੇ ਵਿੱਚ ਧਾਰਾ 144 ਲਾਗੂ ਹੈ ਅਤੇ ਕਿਤੇ ਵੀ ਇਕੱਠ ਕਰਨ ਦੀ ਮਨਾਹੀ ਹੈ।
ਬੰਦਸ਼ਾਂ ਨੂੰ ਸਮੇਂ ਦੀ ਲੋੜ ਦੱਸਦਿਆਂ ਉਨ•ਾਂ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਇਥੋਂ ਦੇ ਲੋਕਾਂ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੋਵਿਡ ਮਹਾਂਮਾਰੀ ਦੇ ਅੱਗੇ ਫੈਲਣ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਦਾ ਪਾਲਣ ਕਰਨ।
ਉਨ•ਾਂ ਕਿਹਾ ਕਿ ਭਾਵੇਂ ਖੇਤੀ ਆਰਡੀਨੈਂਸ ਦਾ ਮੁੱਦਾ ਪੰਜਾਬ ਲਈ ਬਹੁਤ ਮਹੱਤਵਪੂਰਨ ਹੈ ਪਰ ਇਸ ਵੇਲੇ ਕੋਈ ਵੀ ਫਿਜ਼ੀਕਲ ਰੋਸ ਪ੍ਰਦਰਸ਼ਨ ਪੰਜਾਬ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਉਨ•ਾਂ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਸੋਸ਼ਲ ਮੀਡੀਆ ਨੂੰ ਆਪਣੇ ਗੁੱਸੇ ਦੇ ਪ੍ਰਗਟਾਵੇ ਲਈ ਵਰਤੋਂ ਕਰਨ ਜਿਹੜੇ ਕਿ ਦੇਸ਼ ਦੇ ਸੰਘੀ ਢਾਂਚੇ ਦੇ ਖਿਲਾਫ ਹਨ।
ਇਸੇ ਦੌਰਾਨ ਮੁੱਖ ਮੰਤਰੀ ਨੇ ਸੂਬੇ ਦੀਆਂ ਸਾਰੀਆਂ ਰਜਿਸਟਰਡ ਰਾਜਸੀ ਪਾਰਟੀਆਂ ਨੂੰ ਪੱਤਰ ਲਿਖ ਕੇ ਨਿੱਜੀ ਤੌਰ ‘ਤੇ ਬੇਨਤੀ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲਗਾਈਆਂ ਰੋਕਾਂ ਦੇ ਮੱਦੇਨਜ਼ਰ ਉਹ ਕੋਈ ਵੀ ਸਿਆਸੀ ਇਕੱਠ ਨਾ ਕਰਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਔਖਾ ਸਮਾਂ ਹੈ ਜਦੋਂ ਪੂਰੇ ਦੇਸ਼ ਵਿੱਚ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਉਨ•ਾਂ ਸਾਰੀਆਂ ਪਾਰਟੀਆਂ ਨੂੰ ਰਾਜਸੀ ਵਿਚਾਰਾਂ ਤੋਂ ਉਪਰ ਉਠਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੀ ਜਾਨ ਬਚਾਉਣ ਅਤੇ ਆਉਣ ਵਾਲੀਆਂ ਪੀੜ•ੀਆਂ ਦੀ ਰਾਖੀ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਜਨੀਤੀ ਅਤੇ ਰੋਸ ਪ੍ਰਦਰਸ਼ਨ ਉਡੀਕ ਕਰ ਸਕਦੇ ਹਨ, ਇਹ ਸਮਾਂ ਹੈ ਸਾਂਝੀ ਲੜਾਈ ਦਾ ਹੈ ਜਿਹੜੀ ਸਿਰਫ ਸਾਰਿਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਹੀ ਪ੍ਰਭਾਵਸਾਲੀ ਤਰੀਕੇ ਨਾਲ ਲੜੀ ਜਾ ਸਕਦੀ ਹੈ।
—