ਮਿਸ਼ਨ ਫ਼ਤਿਹ ਤਹਿਤ 4 ਜੁਲਾਈ ਨੂੰ ਜ਼ਿਲ੍ਹੇ ’ਚ ਯੂਥ ਕਲੱਬਾਂ ਵੱਲੋਂ ਆਰੰਭੀ ਜਾਵੇਗੀ ਘਰ-ਘਰ ਜਾਗਰੂਕਤਾ ਮੁਹਿੰਮ-ਸਹਾਇਕ ਨਿਰਦੇਸ਼ਕ ਕੈਪਟਨ ਚੀਮਾ

ਵੱਧ ਤੋਂ ਵੱਧ ਜਾਗਰੂਕਤਾ ਹੀ ਰੋਕ ਸਕਦੀ ਹੈ ਕੋਵਿਡ-19 ਬਿਮਾਰੀ ਨੂੰ

ਨਿਊਜ਼ ਪੰਜਾਬ

ਨਵਾਂਸ਼ਹਿਰ, 1 ਜੁਲਾਈ- ਜ਼ਿਲ੍ਹੇ ਦੇ ਯੂਥ ਕਲੱਬਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਕੋਵਿਡ ਮੁਕਤ ਕਰਨ ਲਈ ਆਰੰਭੇ ਮਿਸ਼ਨ ਫ਼ਤਿਹ ਨਾਲ ਇਕੱਸੁਰਤਾ ਦਿਖਾਉਂਦਿਆਂ 4 ਜੁਲਾਈ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਘਰ-ਘਰ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਜਿਸ ਤਹਿਤ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਵਾਰ-ਵਾਰ ਹੱਥ ਧੋਣ ਬਾਰੇ ਪ੍ਰੇਰ ਕੇ, ਬਿਮਾਰੀ ਦੀ ਰੋਕਥਾਮ ਲਈ ਦੱਸਿਆ ਜਾਵੇਗਾ।

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸ਼ਹੀਦ ਭਗਤ ਸਿੰਘ ਨਗਰ ਕੈਪਟਨ ਮਨਤੇਜ ਸਿੰਘ ਚੀਮਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦਵਿੰਦਰਪਾਲ ਸਿੰਘ ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਯੂਥ ਕਲੱਬਾਂ ਦੇ ਅਹੁਦੇਦਾਰਾਂ ਨਾਲ 4 ਜੁਲਾਈ 2020 ਦੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਲਈ ਮੀਟਿੰਗ ਕੀਤੀ ਗਈ ਤਾਂ ਜੋ ਕੋਰੋਨਾ ਮਹਾਂਮਾਰੀ ਦੀ ਲੜੀ ਤੋੜਨ ਲਈ ਮਿਸ਼ਨ ਫ਼ਤਿਹ ਤਹਿਤ ਘਰ-ਘਰ ਸੰਪਰਕ ਮੁਹਿੰਮ ਤਹਿਤ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।

ਸਹਾਇਕ ਡਾਇਰੈਕਟਰ ਸ੍ਰੀ ਚੀਮਾ ਨੇ ਯੂਥ ਕਲੱਬਾਂ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਮਾਤ ਦੇਣ ਲਈ ਯਤਨਾਂ ਤਹਿਤ ਮਿਸ਼ਨ ਫ਼ਤਿਹ ਦੇ ਨਾਅਰੇ ਹੇਠ ਮੁਹਿੰਮ ਵਿੱਢੀ ਗਈ ਹੈ,ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਯੂਥ ਕਲੱਬਾਂ ਦੇ ਨੌਜਵਾਨ ਸਿਰੇ ਚਾੜ੍ਹਨ ਲਈ ਸਿਰਤੋੜ ਯਤਨ ਕਰਕੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਆਪਣਾ ਅਹਿਮ ਰੋਲ ਅਦਾ ਕਰਨਗੇ।

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਯੂਥ ਕਲੱਬਾਂ ਦੇ ਹੁਣ ਤੱਕ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਭਲਾਈ ਲਈ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਕਲੱਬਾਂ ਵੱਲੋਂ ਹਰ ਕੰਮ ਵਿੱਚ ਮੋਹਰੀ ਰੋਲ ਅਦਾ ਕੀਤਾ ਜਾਂਦਾ ਹੈ ਅਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਜਾਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮੁਕਤ ਪੰਜਾਬ ਦੀ ਸਿਰਜਣਾ ਲਈ ਵਿੱਢੀ ਮੁਹਿੰਮ ਵਿੱਚ ਉਨ੍ਹਾਂ ਦਾ ਵਿਸੇਸ਼ ਯੋਗਦਾਨ ਹੋਵੇਗਾ। ਇਸ ਮੀਟਿੰਗ ਦੌਰਾਨ ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਗੁਰਮੁੱਖ ਸਿੰਘ, ਪਵਨਦੀਪ ਸਿੰਘ, ਚਰਨਜੀਤ ਸਿੰਘ ਅਤੇ ਹੋਰ ਬਹੁਤ ਸਾਰੀਆਂ ਕਲੱਬਾਂ ਦੇ ਨੁਮਾਇੰਦੇ ਸ਼ਾਮਿਲ ਹੋਏ।

—————————————————————————————————–

ੂਫ਼ੋਟੋ ਕੈਪਸ਼ਨ: ਯੂਥ ਕਲੱਬਾਂ ਨੂੰ ਮਿਸ਼ਨ ਫ਼ਤਿਹ ਰਾਹੀਂ ਲੋਕਾਂ ਨੂੰ ਘਰ-ਘਰ ਜਾ ਕੇ ਪ੍ਰੇਰਨ ਲਈ ਮੀਟਿੰਗ ਕਰਦੇ ਹੋਏ ਸਹਾਇਕ ਡਾਇਰੈਕਟਰ ਕੈਪਟਨ ਮਨਤੇਜ ਸਿੰਘ ਚੀਮਾ