ਨਵਾਂਸ਼ਹਿਰ – 1 ਜੁਲਾਈ ਤੋਂ 31 ਜੁਲਾਈ ਤੱਕ ਪੜਾਅ ਵਾਰ ਢੰਗ ਨਾਲ ਤਾਲਾਬੰਦੀ ਖੋਲ੍ਹਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ – ਜ਼ਿਲ੍ਹੇ ’ਚ ਦੁਕਾਨਾਂ ਬਿਨਾਂ ਰੋਟੇਸ਼ਨ ਸਵੇਰੇ 7 ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਦੀ ਆਗਿਆ
ਕਾਲਜ, ਸਕੂਲ ਤੇ ਕੋਚਿੰਗ ਸੰਸਥਾਵਾਂ 31 ਜੁਲਾਈ ਤੱਕ ਬੰਦ ਰਹਿਣਗੇ
ਨਿਊਜ਼ ਪੰਜਾਬ
ਨਵਾਂਸ਼ਹਿਰ 1, ਜਲਾਈ- ਪੰਜਾਬ ਸਰਕਾਰ ਵੱਲੋਂ 01.07.2020 ਤੋਂ 30.07.2020 ਤੱਕ ‘ਅਨਲੌਕ-2’ ਦੀ ਰੌਸ਼ਨੀ ’ਚ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜ਼ਿਲ੍ਹੇ ਲਈ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਮੁਤਾਬਕ ਕੰਟੇਨਮੈਂਟ ਜ਼ੋਨਾਂ (ਜੇਕਰ ਕੋਈ ਹੋਵੇ ਤਾਂ) ’ਚ ਲਾਕਡਾਊਨ 31 ਜੁਲਾਈ ਤੱਕ ਜਾਰੀ ਰਹੇਗਾ ਜਦਕਿ ਦੂਸਰੇ ਇਲਾਕਿਆਂ ਵਿੱਚ ਕੋਵਿਡ-19 ਸਾਵਧਾਨੀਆਂ ਨੂੰ ਧਿਆਨ ’ਚ ਰੱਖਦੇ ਹੋਏ ਹੇਠ ਲਿਖੇ ਅਨੁਸਾਰ ਗਤੀਵਿਧੀਆਂ ਚਲਦੀਆਂ ਰਹਿਣਗੀਆਂ।
ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਅਨੁਸਾਰ ਸਕੂਲ, ਕਾਲਜ, ਵਿਦਿਅਕ ਅਤੇ ਕੋਚਿੰਗ ਸੰਸਥਾਵਾਂ 31 ਜੁਲਾਈ 2020 ਤੱਕ ਬੰਦ ਰਹਿਣਗੀਆਂ। ਆਨਲਾਈਨ / ਡਿਸਟੈਂਸ ਲਰਨਿੰਗ ਦੀ ਆਗਿਆ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਕੇਂਦਰ ਅਤੇ ਰਾਜ ਸਰਕਾਰਾਂ ਦੇ ਸਿਖਲਾਈ ਅਦਾਰਿਆਂ ਨੂੰ 15 ਜੁਲਾਈ ਤੋਂ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ ਜਿਸ ਲਈ ਭਾਰਤ ਸਰਕਾਰ ਦੇ ਅਮਲੇ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੁਆਰਾ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀ) ਜਾਰੀ ਕੀਤੀਆਂ ਜਾਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ, ਜਿਨ੍ਹਾਂ ਦੀ ਆਗਿਆ ਨਹੀਂ ਹੈ ਉਨ੍ਹਾਂ ਵਿਚ ਸਿਨੇਮਾ ਹਾਲ, ਜਿਮਨੇਜ਼ੀਅਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਇਹੋ ਜਿਹੀਆਂ ਹੋਰ ਥਾਵਾਂ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਐਮ.ਐਚ.ਏ. ਦੀ ਆਗਿਆ ਤੋਂ ਬਿਨ੍ਹਾਂ ਅੰਤਰਰਾਸ਼ਟਰੀ ਹਵਾਈ ਯਾਤਰਾ ’ਤੇ ਵੀ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਸਮਾਜਿਕ / ਰਾਜਨੀਤਿਕ / ਖੇਡਾਂ / ਮਨੋਰੰਜਨ / ਅਕਾਦਮਿਕ / ਸਭਿਆਚਾਰਕ / ਧਾਰਮਿਕ ਕਾਰਜਾਂ ਅਤੇ ਹੋਰ ਵੱਡੇ ਇਕੱਠਾਂ ’ਤੇ ਵੀ ਪਾਬੰਦੀ ਰਹੇਗੀ। ਹੋਰ ਸਾਰੀਆਂ ਗਤੀਵਿਧੀਆਂ ਦੀ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿੱਚ ਆਜ਼ਾਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਸਾਰੇ ਗੈਰ ਜ਼ਰੂਰੀ ਕੰਮਾਂ ਲਈ ਵਿਅਕਤੀਆਂ ਦੀ ਆਵਾਜਾਈ ਦੀ ਰਾਤ 10.00 ਵਜੇ ਤੋਂ ਸਵੇਰੇ 5.00 ਵਜੇ ਤੱਕ ਰੋਕ ਰਹੇਗੀ। ਹਾਲਾਂਕਿ, ਬਹੁਤ ਸਾਰੀਆਂ ਗਤੀਵਿਧੀਆਂ ਜਿਵੇਂ ਮਲਟੀਪਲ ਸ਼ਿਫਟਾਂ, ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਵਿਅਕਤੀਆਂ ਅਤੇ ਚੀਜ਼ਾਂ ਦੀ ਆਵਾਜਾਈ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਮਾਲ-ਮਾਲ ਨੂੰ ਉਤਾਰਨ ਅਤੇ ਵਿਅਕਤੀਆਂ ਨੂੰ ਆਪੋ ਆਪਣੇ ਸਥਾਨਾਂ ’ਤੇ ਜਾਣ ਸਮੇਤ ਜ਼ਰੂਰੀ ਕੰਮਾਂ ਦੀ ਆਗਿਆ ਹੋਵੇਗੀ।
ਇਸ ਤੋਂ ਇਲਾਵਾ ਸਿਰਫ਼ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਹੀ ਗਤੀਵਿਧੀ ਕਰਨ ਦੀ ਆਗਿਆ ਹੋਵੇਗੀ। ਮਹਿਮਾਨਾਂ ਨੂੰ ਫਲਾਇਟ/ਰੇਲ ਰਾਹੀਂ ਉਨ੍ਹਾਂ ਦੇ ਯਾਤਰਾ ਦੇ ਕਾਰਜਕ੍ਰਮ ਦੇ ਅਧਾਰ ’ਤੇ ਰਾਤ 10 ਵਜੇ ਤੋਂ 5 ਵਜੇ ਦੇ ਵਿਚਕਾਰ ਹੋਟਲ ਦੇ ਅਹਾਤੇ ਵਿੱਚ ਦਾਖ਼ਲ ਹੋਣ ਅਤੇ ਛੱਡਣ ਦੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਕਰਫਿਊ ਦੇ ਘੰਟਿਆਂ ਦੌਰਾਨ ਇਨ੍ਹਾਂ ਮਹਿਮਾਨਾਂ ਦੀ ਇੱਕ ਵਾਰ ਗਤੀਵਿਧੀ ਲਈ ਹਵਾਈ/ਰੇਲ ਟਿਕਟ ਅਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਹੋਟਲ ਦੀ ਬੁਕਿੰਗ ਹੋਟਲ ਆਉਣ ਅਤੇ ਜਾਣ ਲਈ ਕਰਫਿਊ ਪਾਸ ਵਜੋਂ ਕੰਮ ਕਰੇਗੀ ।
ਬੁਲਾਰੇ ਨੇ ਅੱਗੇ ਦੱਸਿਆ ਕਿ ਤਾਲਾਬੰਦੀ 31 ਜੁਲਾਈ 2020 ਤੱਕ ਕੰਟੇਨਮੈਂਟ ਜ਼ੋਨਾਂ ਵਿੱਚ ਲਾਗੂ ਰਹੇਗੀ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮਐਚਐਫਡਬਲਯੂ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜਿਹੇ ਜ਼ੋਨਾਂ ਨੂੰ ਜ਼ਿਲ੍ਹਾਂ ਅਧਿਕਾਰੀਆਂ ਦੁਆਰਾ ਨਿਰਧਾਰਤ ਕੀਤਾ ਜਾਵੇਗਾ। ਕੰਟੇਨਮੈਂਟ ਜ਼ੋਨਾਂ ਵਿਚ ਸਿਰਫ ਜ਼ਰੂਰੀ ਕੰਮਾਂ ਨੂੰ ਹੀ ਆਗਿਆ ਦਿੱਤੀ ਜਾਵੇਗੀ। ਜ਼ਿਲ੍ਹਾ ਅਧਿਕਾਰੀ ਇਸ ਦੇ ਅਨੁਸਾਰ ਐਮ.ਐਚ.ਐਫ.ਡਬਲਯੂ, ਅਤੇ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਟੇਨਮੈਂਟ ਅਤੇ ਬਫਰ ਜ਼ੋਨਾਂ ਵਿੱਚ ਲੋੜੀਂਦੀ ਕਾਰਵਾਈ ਕਰ ਸਕਦੇ ਹਨ।
ਇਸ ਤੋਂ ਇਲਾਵਾ, ਯਾਤਰੀ ਰੇਲ ਗੱਡੀਆਂ ਅਤੇ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ, ਘਰੇਲੂ ਹਵਾਈ ਯਾਤਰਾ, ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਦੀ ਆਵਾਜਾਈ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਅਤੇ ਨਿਸ਼ਾਨਦੇਹੀ ਅਤੇ ਭਾਰਤੀ ਸਮੁੰਦਰੀ ਯਾਤਰੀਆਂ ਦੇ ਸਾਈਨ ਆਨ ਅਤੇ ਸਾਈਨ ਆਫ ਐਸ.ਓ.ਪੀਜ਼ ਅਨੁਸਾਰ ਜਾਰੀ ਰਹਿਣਗੇ। ਇਸੇ ਤਰ੍ਹਾਂ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਹੋਰ ਰੋਗਾਂ ਵਾਲੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਕੰਮਾਂ ਅਤੇ ਸਿਹਤ ਦੇ ਉਦੇਸ਼ਾਂ ਨੂੰ ਛੱਡ ਕੇ ਘਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸੇ ਤਰ੍ਹਾਂ ਵਿਆਹ ਨਾਲ ਜੁੜੇ ਇਕੱਠਾਂ ਵਿਚ ਮਹਿਮਾਨਾਂ ਦੀ ਗਿਣਤੀ 50 ਤੋਂ ਵੱਧ ਨਾ ਹੋਵੇ ਅਤੇ ਅੰਤਿਮ ਸੰਸਕਾਰ / ਅੰਤਮ ਰਸਮਾਂ ਵਿਚ ਵਿਅਕਤੀਆਂ ਦੀ ਗਿਣਤੀ 20 ਤੋਂ ਵੱਧ ਨਾ ਹੋਵੇ। ਜਨਤਕ ਥਾਵਾਂ ’ਤੇ ਥੁੱਕਣਾ ਪੂਰੀ ਤਰ੍ਹਾਂ ਵਰਜਿਤ ਹੈ ਅਤੇ ਜੁਰਮਾਨੇ ਨਾਲ ਸਜ਼ਾ ਯੋਗ ਹੈ। ਜਨਤਕ ਥਾਵਾਂ ’ਤੇ ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦੀ ਵਰਤੋਂ ਵਰਜਿਤ ਹੈ। ਹਾਲਾਂਕਿ ਇਨ੍ਹਾਂ ਚੀਜ਼ਾਂ ਦੀ ਵਿਕਰੀ ’ਤੇ ਕੋਈ ਰੋਕ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਪੂਜਾ ਸਥਾਨ / ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਪੂਜਾ ਦੇ ਸਮੇਂ ਵੱਧ ਤੋਂ ਵੱਧ ਵਿਅਕਤੀਆਂ ਦੀ ਗਿਣਤੀ 20 ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਅਤੇ ਇਸ ਲਈ ਪੂਜਾ ਦਾ ਸਮਾਂ ਉਸ ਅਨੁਸਾਰ ਨਿਯਤ ਕੀਤਾ ਜਾਵੇ। ਇਨ੍ਹਾਂ ਥਾਵਾਂ ਦੇ ਪ੍ਰਬੰਧਕ ,ਹੱਥਾਂ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨਗੇ। ਲੰਗਰ ਅਤੇ ਪ੍ਰਸ਼ਾਦ ਵੰਡਣ ਦੀ ਆਗਿਆ ਹੈ। ਧਾਰਮਿਕ ਸਥਾਨਾਂ ’ਚ ਵੀ ਐਸ.ਓ.ਪੀ. ਲਾਗੂ ਹੋਣਗੇ।
ਇਸੇ ਤਰ੍ਹਾਂ, ਰੈਸਟੋਰੈਂਟਾਂ ਨੂੰ 50% ਸਮਰੱਥਾ ਜਾਂ 50 ਮਹਿਮਾਨਾਂ ਨਾਲ ਰਾਤ ਦੇ 9 ਵਜੇ ਤੱਕ ਖੁੱਲ੍ਹਣ ਦੀ ਆਗਿਆ ਦਿੱਤੀ ਗਈ ਹੈ। ਜੇਕਰ ਰੈਸਟੋਰੈਂਟ ਵਿਚ ਆਬਕਾਰੀ ਵਿਭਾਗ ਦੀ ਮਨਜ਼ੂਰੀ ਹੋਵੇ ਤਾਂ ਸ਼ਰਾਬ ਵਰਤਾਈ ਜਾ ਸਕਦੀ ਹੈ । ਹਾਲਾਂਕਿ, ਬਾਰਾਂਂ ਬੰਦ ਰਹਿਣਗੀਆਂਂ। ਪ੍ਰਬੰਧਕ ਐਸਓਪੀਜ਼ ਦੀ ਪਾਲਣਾ ਕਰਨਗੇ।
ਉਹਨਾਂ ਅੱਗੇ ਕਿਹਾ ਕਿ ਹੋਟਲਾਂ ਵਿੱਚ ਰੈਸਟੋਰੈਂਟਾਂ ਨੂੰ ਬਫ਼ੇ ਸਮੇਤ ਖਾਣਾ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਦੇ ਬੈਠਣ ਦੀ ਸਮਰੱਥਾ ਦਾ 50% ਜਾਂ 50 ਮਹਿਮਾਨ, ਜੋ ਵੀ ਘੱਟ ਹੋਵੇ, ਦੀ ਆਗਿਆ ਹੋਵੇਗੀ। ਇਹ ਰੈਸਟੋਰੈਂਟ ਹੋਟਲ ਦੇ ਮਹਿਮਾਨਾਂ ਤੋਂ ਇਲਾਵਾ ਹੋਰ ਵਿਅਕਤੀਆਂ ਲਈ ਵੀ ਖੁੱਲ੍ਹੇ ਰਹਿਣਗੇ ਪਰ ਹੋਟਲ ਦੇ ਮਹਿਮਾਨਾਂ ਅਤੇ ਬਾਹਰੋਂ ਆਏ ਵਿਅਕਤੀਆਂ ਲਈ ਰਾਤ 9 ਵਜੇ ਤੱਕ ਦਾ ਸਮਾਂ ਹੋਵੇਗਾ। ਬਾਰ ਬੰਦ ਰਹਿਣਗੇ। ਹਾਲਾਂਕਿ, ਰਾਜ ਦੀ ਆਬਕਾਰੀ ਨੀਤੀ ਤਹਿਤ ਆਗਿਆ ਅਨੁਸਾਰ ਸ਼ਰਾਬ ਕਮਰਿਆਂ ਅਤੇ ਰੈਸਟੋਰੈਂਟਾਂ ਵਿੱਚ ਵਰਤਾਈ ਜਾ ਸਕਦੀ ਹੈ।
ਵਿਆਹ ਸਮਾਰੋਹਾਂ ਤੋਂ ਇਲਾਵਾ ਬੈਨਕੁਏਟ ਹਾਲਾਂ ਵਿੱਚ ‘ਓਪਨ-ਏਅਰ’ ਪਾਰਟੀਆਂ, ਮੈਰਿਜ ਪੈਲੇਸਾਂ, ਹੋਟਲਾਂ ਅਤੇ ਖੁੱਲ੍ਹੇ ਸਥਾਨਾਂ ਵਿੱਚ ਹੋਣ ਵਾਲੇ ਹੋਰ ਸਮਾਜਿਕ ਕਾਰਜਾਂ ਅਤੇ ਪਾਰਟੀਆਂ ਵਿੱਚ 50 ਤੱਕ ਵਿਅਕਤੀ ਸ਼ਾਮਲ ਹੋ ਸਕਣਗੇ। ਕੈਟਰਿੰਗ ਸਟਾਫ਼ ਨੂੰ ਮਿਲਾ ਕੇ ਮਹਿਮਾਨਾਂ ਦੀ ਗਿਣਤੀ 50 ਵਿਅਕਤੀਆਂ ਤੋਂ ਵੱਧ ਨਹੀਂ ਹੋਵੇਗੀ। 50 ਵਿਅਕਤੀਆਂ ਲਈ ਬੈਨਕੁਏਟ ਹਾਲ ਅਤੇ ਸਥਾਨ ਦਾ ਆਕਾਰ ਘੱਟੋ ਘੱਟ 5,000 ਵਰਗ ਫੁੱਟ ਹੋਣਾ ਚਾਹੀਦਾ ਹੈ ਤਾਂ ਜੋ ਹਰੇਕ ਵਿਅਕਤੀ ਲਈ ‘10 ਗੁਣਾ 10 ਵਰਗ ਫੁੱਟ’ ਖੇਤਰ ਦੀ ਜ਼ਰੂਰਤ ਦੇ ਅਧਾਰ ’ਤੇ ਲੋੜੀਂਦੀ ਸਮਾਜਕ ਦੂਰੀ ਦਾ ਪਾਲਣ ਕੀਤਾ ਜਾ ਸਕੇ। ਬਾਰਾਂ ਬੰਦ ਰਹਿਣਗੀਆਂ। ਹਾਲਾਂਕਿ ਰਾਜ ਦੀ ਆਬਕਾਰੀ ਨੀਤੀ ਅਨੁਸਾਰ ਸਮਾਗਮ ਵਿੱਚ ਸ਼ਰਾਬ ਵਰਤਾਈ ਜਾ ਸਕਦੀ ਹੈ। ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਲਈ ਐਸਓਪੀਜ਼ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ’ਚ ਵਿੱਚ ਪੇਂਡੂ ਤੇ ਸ਼ਹਿਰੀ ਖੇਤਰਾਂ ’ਚ ਦੁਕਾਨਾਂ ਸਮੇਤ ਸਾਰੇ ਸ਼ਾਪਿੰਗ ਮਾਲ ਸਵੇਰੇ 7.00 ਵਜੇ ਤੋਂ ਸ਼ਾਮ 8.00 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਜਾਂਦੀ ਹੈ, ਇਸ ਨਾਲ 26 ਜੂਨ ਦੇ ਰੋਟੇਸ਼ਨ ਵਾਲੇ ਹੁਕਮ ਮਨਸੂਖ ਹੋ ਜਾਣਗੇ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਪੰਜਾਬ ਸਿਹਤ ਵਿਭਾਗ ਦੁਆਰਾ ਜਾਰੀ ਐਸਓਪੀਜ਼ ਲਾਗੂ ਰਹਿਣਗੇ।
ਸਪਤਾਹ ਅੰਤ ਪਾਬੰਦੀਆਂ ਦੇ ਮੱਦੇਨਜ਼ਰ ਐਤਵਾਰ ਨੂੰ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ ਨੂੰ ਸਾਰੇ ਦਿਨ ਰਾਤ 8 ਵਜੇ ਤੱਕ ਖੁੱਲ੍ਹਾ ਰਹਿਣ ਦਿੱਤਾ ਜਾਵੇਗਾ। ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ ਸਾਰੇ ਦਿਨ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਐਤਵਾਰ ਨੂੰ ਹੋਰ ਦੁਕਾਨਾਂ ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ।
ਸਪੋਰਟਸ ਕੰਪਲੈਕਸ, ਸਟੇਡੀਅਮ ਅਤੇ ਜਨਤਕ ਪਾਰਕਾਂ ਬਿਨਾਂ ਦਰਸ਼ਕਾਂ ਦੇ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਸਿਹਤ ਵਿਭਾਗ ਦੇ ਐਸਓਪੀਜ਼ ਅਨੁਸਾਰ ਖੁੱਲ੍ਹ ਸਕਣਗੇ। ਉਦਯੋਗਾਂ ਅਤੇ ਉਦਯੋਗਿਕ ਅਦਾਰਿਆਂ, ਨਿਰਮਾਣ ਕਾਰਜਾਂ ਆਦਿ ਦੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਅੰਤਰਰਾਜੀ ਅਤੇ ਰਾਜ ਵਿੱਚ ਬੱਸਾਂ ਦੀ ਆਵਾਜਾਈ ਨੂੰ ਬਿਨਾਂ ਕਿਸੇ ਪਾਬੰਦੀ ਦੇ ਆਗਿਆ ਦਿੱਤੀ ਜਾਏਗੀ ਅਤੇ ਟਰਾਂਸਪੋਰਟ ਵਾਹਨ ਬੈਠਣ ਲਈ ਸਾਰੀਆਂ ਸੀਟਾਂ ਦੀ ਵਰਤੋਂ ਕਰ ਸਕਣਗੇ।
ਪਰਮਿਟ ਤੇ ਪਾਸਾਂ ਬਾਰੇ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਉਦਯੋਗਾਂ ਅਤੇ ਹੋਰ ਅਦਾਰਿਆਂ ਨੂੰ ਉਨ੍ਹਾਂ ਦੇ ਕੰਮਕਾਜ ਲਈ ਵੱਖਰੀ ਆਗਿਆ ਦੀ ਲੋੜ ਨਹੀਂ ਪਵੇਗੀ। ਸਾਰੇ ਕਰਮਚਾਰੀਆਂ ਨੂੰ ਆਗਿਆ ਦਿੱਤੇ ਘੰਟਿਆਂ ਦੌਰਾਨ ਬਿਨਾਂ ਕਿਸੇ ਪਾਸ ਤੋਂ ਗਤੀਵਿਧੀ ਦੀ ਇਜਾਜ਼ਤ ਦਿੱਤੀ ਜਾਏਗੀ ਜਿਵੇਂ ਕਿ ਵੱਖ-ਵੱਖ ਕੰਮਾਂ ਲਈ ਆਗਿਆ ਦਿੱਤੀ ਗਈ ਹੈ। ਵਿਅਕਤੀਆਂ ਅਤੇ ਸਮਾਨ ਦੀ ਅੰਤਰ-ਰਾਜੀ ਅਤੇ ਰਾਜ ਵਿੱਚ ਆਵਾਜਾਈ ਲਈ ਕੋਈ ਰੋਕ ਨਹੀਂ ਹੋਵੇਗੀ ਅਤੇ ਅਜਿਹੀ ਗਤੀਵਿਧੀ ਲਈ ਵੱਖਰੀ ਆਗਿਆ/ਮਨਜ਼ੂਰੀ/ਪਰਮਿਟ ਦੀ ਲੋੜ ਨਹੀਂ ਹੋਵੇਗੀ। ਅੰਤਰ-ਰਾਜ ਯਾਤਰੀਆਂ ਲਈ ਕੋਵਾ-ਐਪ ਅਤੇ ਸਵੈ-ਜੈਨਰੇਟ ਕੀਤੇ ਪਾਸ ਦੀ ਵਰਤੋਂ ਲਾਜ਼ਮੀ ਹੋਵੇਗੀ।
ਸਮਾਜਿਕ ਦੂਰੀ ਬਣਾਈ ਰੱਖਣ ਨੂੰ ਜ਼ਰੂਰੀ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਗਤੀਵਿਧੀਆਂ ਲਈ ਘੱਟੋ-ਘੱਟ 6 ਫੁੱਟ ਦੂਰੀ (ਦੋ ਗਜ਼ ਕੀ ਦੂਰੀ) ਹਮੇਸ਼ਾ ਰੱਖੀ ਜਾਵੇ। ਇਸ ਅਨੁਸਾਰ, ਜੇ ਕਿਸੇ ਗਤੀਵਿਧੀ ਕਾਰਨ ਭੀੜ ਹੁੰਦੀ ਹੈ, ਤਾਂ ਸਟੇਗਰਿੰਗ, ਰੋਟੇਸ਼ਨ, ਦਫਤਰਾਂ ਅਤੇ ਅਦਾਰਿਆਂ ਦੇ ਸਮੇਂ ਵਿੱਚ ਤਬਦੀਲੀ ਆਦਿ ਜ਼ਰੂਰੀ ਕਦਮ ਚੁੱਕੇ ਜਾਣ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਸਮਾਜਿਕ ਦੂਰੀਆਂ ਦੇ ਸਿਧਾਂਤਾਂ ਨਾਲ ਸਮਝੌਤਾ ਨਾ ਕੀਤਾ ਜਾਵੇ। ਕੰਮ ਕਰਨ ਵਾਲੇ ਸਥਾਨਾਂ ਸਮੇਤ ਜਨਤਕ ਥਾਵਾਂ ’ਤੇ ਸਾਰੇ ਵਿਅਕਤੀਆਂ ਦੁਆਰਾ ਮਾਸਕ ਪਹਿਨਣੇ ਲਾਜ਼ਮੀ ਹੋਣਗੇ ਅਤੇ ਇਸ ’ਤੇ ਸਖ਼ਤੀ ਨਾਲ ਨਿਗਰਾਨੀ ਅਤੇ ਅਮਲ ਕੀਤਾ ਜਾਵੇ।
ਰਾਜ ਸਰਕਾਰ ਨੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਰੋਗਯਾ ਸੇਤੂ/ਕੋਵਾ ਐਪ ਇਨਸਟਾਲ ਕਰਨ। ਇਸੇ ਤਰ੍ਹਾਂ ਲੋਕਾਂ ਨੂੰ ਵੀ ਇਸ ਐਪਲੀਕੇਸ਼ਨ ਨੂੰ ਇਨਸਟਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਆਪਣੀ ਸਿਹਤ ਦੀ ਸਥਿਤੀ ਨੂੰ ਨਿਯਮਤ ਤੌਰ ’ਤੇ ਐਪ ’ਤੇ ਅਪਡੇਟ ਕਰਨ ਦੀ ਸਲਾਹ ਦਿੱਤੀ ਗਈ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਤੇ ਲਾਕਡਾਊਨ ਉਪਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਆਫ਼ਤ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਅਧੀਨ, ਭਾਰਤੀ ਦੰਡਾਵਲੀ ਨਿਯਮ (ਆਈਪੀਸੀ) ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕਰਨ ਦੀ ਸਜ਼ਾ ਦਿੱਤੀ ਜਾਏਗੀ।