ਪੋਸਟਮਾਰਟਮ ਨਾ ਹੋਣ ਕਾਰਨ ਪਰਵਿੰਦਰ ਝੋਟੇ ਦਾ ਅੰਤਿਮ ਸੰਸਕਾਰ ਭਲਕੇ, ਆਪਣੇ ਖੇਤਾਂ ’ਚ ਹੋਣਗੀਆਂ ਅੰਤਿਮ ਰਸਮਾਂ

ਨਿਊਜ਼ ਪੰਜਾਬ

6 ਨਵੰਬਰ,2026

ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਅੱਜ ਨਾ ਹੋ ਸਕਣ ਕਾਰਨ ਉਨ੍ਹਾਂ ਦਾ ਅੰਤਿਮ ਸੰਸਕਾਰ ਹੁਣ ਭਲਕੇ ਕੀਤਾ ਜਾਵੇਗਾ। ਅੰਤਿਮ ਰਸਮਾਂ ਉਨ੍ਹਾਂ ਦੇ ਆਪਣੇ ਖੇਤਾਂ ਵਿੱਚ ਨਿਭਾਈਆਂ ਜਾਣਗੀਆਂ, ਜਿਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਖੇਤਾਂ ਵਿੱਚ ਜੇਸੀਬੀ ਮਸ਼ੀਨ ਦੀ ਮਦਦ ਨਾਲ ਜ਼ਮੀਨ ਪੱਧਰੀ ਕੀਤੀ ਜਾ ਰਹੀ ਹੈ। ਦਰਅਸਲ, 24 ਦਿਨਾਂ ਤੱਕ ਫ੍ਰੀਜ਼ਰ ਵਿੱਚ ਰਹਿਣ ਕਾਰਨ ਮ੍ਰਿਤਕ ਦੇਹ ਦਾ ਤਾਪਮਾਨ ਆਮ ਨਾ ਹੋਣ ਕਰਕੇ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਪੋਸਟਮਾਰਟਮ ਰੋਕ ਦਿੱਤਾ ਹੈ। ਡਾਕਟਰਾਂ ਦੀ ਟੀਮ ਅੱਜ ਸ਼ਾਮ ਦੁਬਾਰਾ ਕੋਸ਼ਿਸ਼ ਕਰੇਗੀ ਅਤੇ ਜੇਕਰ ਪੋਸਟਮਾਰਟਮ ਸੰਭਵ ਨਾ ਹੋਇਆ ਤਾਂ ਇਹ ਭਲਕੇ ਸਵੇਰੇ ਕੀਤਾ ਜਾਵੇਗਾ। ਪੋਸਟਮਾਰਟਮ ਹੋਣ ਦੀ ਸੂਰਤ ਵਿੱਚ ਅੰਤਿਮ ਸੰਸਕਾਰ ਦੁਪਹਿਰ 12 ਵਜੇ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ ਝੋਟਾ ਦੇ ਪਿਤਾ ਭੀਮ ਸਿੰਘ ਨੇ ਮੰਗ ਕੀਤੀ ਹੈ ਕਿ ਅੰਤਿਮ ਸੰਸਕਾਰ ਤੋਂ ਪਹਿਲਾਂ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਦਾ ਤਬਾਦਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਐਸਐਸਪੀ ਦਾ ਤਬਾਦਲਾ ਨਹੀਂ ਹੁੰਦਾ, ਉਹ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਣਗੇ। ਉਨ੍ਹਾਂ ਮੁਤਾਬਕ ਇਸ ਮੰਗ ਸਬੰਧੀ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਹੋਈਆਂ ਮੀਟਿੰਗਾਂ ਵਿੱਚ ਵੀ ਚਰਚਾ ਕੀਤੀ ਗਈ ਹੈ।