ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਹਥਿਆਰ ਤਸਕਰੀ ਮਾਡਿਊਲ ਕੀਤਾ ਬੇਨਕਾਬ, 7 ਪਿਸਤੌਲ ਤੇ 40 ਕਾਰਤੂਸ ਸਮੇਤ 2 ਮੁਲਜ਼ਮ ਗ੍ਰਿਫ਼ਤਾਰ

ਨਿਊਜ਼ ਪੰਜਾਬ

1 ਜੁਲਾਈ 2026

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸਰਹੱਦ ਪਾਰ ਤੋਂ ਚੱਲ ਰਹੇ ਇੱਕ ਵੱਡੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 7 ਅਤਿਆਧੁਨਿਕ ਪਿਸਤੌਲ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਤਰਨਤਾਰਨ ਖੇਤਰ ਵਿੱਚ ਸੁੱਟੇ ਜਾਂਦੇ ਸਨ, ਜਿੱਥੋਂ ਮੁਲਜ਼ਮ ਉਨ੍ਹਾਂ ਨੂੰ ਚੁੱਕ ਕੇ ਅੱਗੇ ਸਪਲਾਈ ਕਰਦੇ ਸਨ। ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਇੱਕ ਡੀ-ਐਡਿਕਸ਼ਨ ਸੈਂਟਰ ਚਲਾ ਰਿਹਾ ਸੀ, ਜਿਸ ਦੀ ਆੜ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਚੱਲਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ, ਵਿਦੇਸ਼ੀ ਸੰਪਰਕਾਂ ਅਤੇ ਹਥਿਆਰਾਂ ਦੀ ਸਪਲਾਈ ਲੜੀ ਦਾ ਪਤਾ ਲਗਾਇਆ ਜਾ ਸਕੇ।