ਨਿਊਜ਼ ਪੰਜਾਬ
8 ਅਕਤੂਬਰ,2026
ਤਰਨਤਾਰਨ ਦੇ ਦਿਵਿਆਂਗ ਐਥਲੀਟ ਪ੍ਰਵੀਨ ਕੁਮਾਰ ਨੇ ਆਪਣੀ ਮਿਹਨਤ, ਹੌਸਲੇ ਅਤੇ ਜਜ਼ਬੇ ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। 4 ਅਕਤੂਬਰ ਨੂੰ ਜੰਮੂ-ਕਸ਼ਮੀਰ ਵਿੱਚ ਹੋਈ ਰਾਸ਼ਟਰੀ ਆਰਮ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਪ੍ਰਵੀਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਆਪਣੇ ਨਾਮ ਕੀਤਾ। ਇਸ ਰਾਸ਼ਟਰੀ ਮੁਕਾਬਲੇ ਵਿੱਚ ਵੱਖ-ਵੱਖ ਸੂਬਿਆਂ ਤੋਂ ਕਰੀਬ 400 ਐਥਲੀਟਾਂ ਨੇ ਹਿੱਸਾ ਲਿਆ ਸੀ। ਪ੍ਰਵੀਨ ਦੀ ਇਸ ਕਾਮਯਾਬੀ ’ਤੇ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਜਿੱਤ ਪੂਰੇ ਦਿਵਿਆਂਗ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿਵਿਆਂਗ ਖਿਡਾਰੀਆਂ ਨੂੰ ਸਹੀ ਮੌਕੇ, ਸਿਖਲਾਈ ਅਤੇ ਸਹਾਇਤਾ ਮਿਲੇ ਤਾਂ ਉਹ ਕਿਸੇ ਤੋਂ ਵੀ ਘੱਟ ਨਹੀਂ ਹਨ। ਉਨ੍ਹਾਂ ਸਰਕਾਰ ਨੂੰ ਪ੍ਰਵੀਨ ਵਰਗੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਵਿੱਤੀ ਸਹਾਇਤਾ, ਕੋਚਿੰਗ ਅਤੇ ਰੁਜ਼ਗਾਰ ਦੇ ਮੌਕੇ ਦੇਣ ਦੀ ਅਪੀਲ ਕੀਤੀ, ਤਾਂ ਜੋ ਉਹ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਮ ਹੋਰ ਵੀ ਰੌਸ਼ਨ ਕਰ ਸਕਣ।
