ਨਿਊਜ਼ ਪੰਜਾਬ
9 ਅਕਤੂਬਰ,2026
ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਦੀਆਂ ਮੁੜ ਸੱਦੀਆਂ ਗਈਆਂ ਬੈਠਕਾਂ 22 ਅਕਤੂਬਰ ਤੋਂ 27 ਅਕਤੂਬਰ, 2026 ਤੱਕ ਹੋਣਗੀਆਂ। ਵਿਧਾਨ ਸਭਾ ਸਕੱਤਰੇਤ ਵੱਲੋਂ ਇਸ ਸਬੰਧੀ ਆਰਜ਼ੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ, ਵੀਰਵਾਰ 22 ਅਕਤੂਬਰ ਨੂੰ ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ, ਜਿਸ ਵਿੱਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਅਤੇ ਗੈਰ-ਸਰਕਾਰੀ ਕੰਮਕਾਜ ਨਾਲ ਸਬੰਧਤ ਕਾਰਵਾਈ ਹੋਵੇਗੀ। ਇਸ ਤੋਂ ਬਾਅਦ ਸ਼ੁੱਕਰਵਾਰ, 23 ਅਕਤੂਬਰ ਨੂੰ ਸਵੇਰੇ 10 ਵਜੇ ਸਰਕਾਰੀ ਕੰਮਕਾਜ ਕੀਤਾ ਜਾਵੇਗਾ। 24 ਅਤੇ 25 ਅਕਤੂਬਰ ਨੂੰ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਹੋਣਗੀਆਂ, ਜਦਕਿ 26 ਅਕਤੂਬਰ ਨੂੰ ਗਜ਼ਟਿਡ ਛੁੱਟੀ ਰਹੇਗੀ। ਮੰਗਲਵਾਰ, 27 ਅਕਤੂਬਰ ਨੂੰ ਦੁਪਹਿਰ 2 ਵਜੇ ਵਿਧਾਨਕ ਕੰਮਕਾਜ ਦੇ ਨਾਲ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਸਬੰਧੀ ਮਤਾ ਵੀ ਵਿਚਾਰਿਆ ਜਾਵੇਗਾ। ਹੁਣ ਇਸ ਸੈਸ਼ਨ ਦੌਰਾਨ ਪੰਜਾਬ ਦੇ ਅਹਿਮ ਮੁੱਦਿਆਂ ਅਤੇ ਵਿਧਾਨਕ ਕੰਮਕਾਜ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਵਿਧਾਨ ਸਭਾ ਦੀ ਕਾਰਵਾਈ ‘ਤੇ ਰਹਿਣਗੀਆਂ।
