ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਵਰਲਡ ਟੂਰ ਦੀ ਅੱਜ ਤੋਂ ਸ਼ੁਰੂਆਤ, ਟੋਰਾਂਟੋ ’ਚ ਹੋਵੇਗਾ ਪਹਿਲਾ ਸ਼ੋਅ

ਨਿਊਜ਼ ਪੰਜਾਬ

9 ਅਕਤੂਬਰ,2026

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦੇ ਨਾਂ ’ਤੇ ‘Signed To God World Tour’ ਦੀ ਸ਼ੁਰੂਆਤ 9 ਅਕਤੂਬਰ ਤੋਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਹੋਣ ਜਾ ਰਹੀ ਹੈ। ਇਸ ਦੌਰਾਨ 3D ਅਤੇ ਹੋਲੋਗ੍ਰਾਮ ਤਕਨੀਕ ਦੀ ਮਦਦ ਨਾਲ ਸਿੱਧੂ ਮੂਸੇਵਾਲਾ ਦੀ ਸਟੇਜ ਪਰਫਾਰਮੈਂਸ ਪੇਸ਼ ਕੀਤੀ ਜਾਵੇਗੀ, ਜਿਸ ਵਿੱਚ ਉਨ੍ਹਾਂ ਦੀ ਅਸਲੀ ਆਵਾਜ਼ ਅਤੇ ਉਨ੍ਹਾਂ ਦੇ ਖ਼ਾਸ ਅੰਦਾਜ਼ ਦੀ ਝਲਕ ਦੇਖਣ ਨੂੰ ਮਿਲੇਗੀ।

ਇਹ ਸ਼ੋਅ ਲਗਭਗ ਦੋ ਘੰਟੇ ਦਾ ਹੋਵੇਗਾ ਅਤੇ ਇਸ ਟੂਰ ਨੂੰ ਪਾਕਿਸਤਾਨ ਸਮੇਤ ਅੱਠ ਦੇਸ਼ਾਂ ਵਿੱਚ ਕਰਵਾਉਣ ਦੀ ਯੋਜਨਾ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਸੀ ਕਿ ਇਹ ਸਿਰਫ਼ ਇੱਕ ਹੋਲੋਗ੍ਰਾਮ ਸ਼ੋਅ ਨਹੀਂ ਹੋਵੇਗਾ, ਸਗੋਂ ਇਸ ਵਿੱਚ ਕਈ ਨਾਮੀ ਕਲਾਕਾਰ ਵੀ ਆਪਣੀਆਂ ਪੇਸ਼ਕਾਰੀਆਂ ਦੇਣਗੇ। ਉਹ ਆਪਣੇ ਪੂਰੇ ਪਰਿਵਾਰ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ ਸਿੱਧੂ ਦੀ ਜ਼ਿੰਦਗੀ, ਉਨ੍ਹਾਂ ਦੀ ਜੀਵਨੀ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਨਗੇ। ਸਿੱਧੂ ਮੂਸੇਵਾਲਾ ਦੇ ਪਾਕਿਸਤਾਨ ਵਿੱਚ ਵੀ ਲੱਖਾਂ ਪ੍ਰਸ਼ੰਸਕ ਹਨ। ਉਨ੍ਹਾਂ ਨੇ ਇੱਕ ਪ੍ਰੋਗਰਾਮ ਦੌਰਾਨ ਪਾਕਿਸਤਾਨ ਵਿੱਚ ਸ਼ੋਅ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਟੂਰ ਰਾਹੀਂ ਸਿੱਧੂ ਮੂਸੇਵਾਲਾ ਦੀ ਆਵਾਜ਼, ਉਨ੍ਹਾਂ ਦਾ ਸੰਗੀਤ ਅਤੇ ਉਨ੍ਹਾਂ ਦੀਆਂ ਯਾਦਾਂ ਇੱਕ ਵਾਰ ਫਿਰ ਦੁਨੀਆ ਭਰ ਦੇ ਪ੍ਰਸ਼ੰਸਕਾਂ ਤੱਕ ਪਹੁੰਚਣਗੀਆਂ।