ਨਿਊਜ਼ ਪੰਜਾਬ
27 ਅਗਸਤ,2026
ਨੇਪਾਲ-ਤਿੱਬਤ ਸਰਹੱਦ ਨੇੜੇ ਅਚਾਨਕ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਹੜ੍ਹ ਕਾਰਨ ਨੇਪਾਲ ਵਿੱਚ 165 ਅਤੇ ਤਿੱਬਤ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 1100 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਤੇਜ਼ ਵਹਾਅ ਕਾਰਨ 19 ਪੁਲ, ਕਰੀਬ 40 ਕਿਲੋਮੀਟਰ ਸੜਕਾਂ ਅਤੇ 13 ਹਾਈਡ੍ਰੋਪਾਵਰ ਪ੍ਰਾਜੈਕਟ ਤਬਾਹ ਹੋ ਗਏ। ਪਾਣੀ ਦਾ ਪੱਧਰ ਲਗਭਗ 30 ਫੁੱਟ ਤੱਕ ਚੜ੍ਹ ਗਿਆ, ਜਿਸ ਨਾਲ ਘਰਾਂ ਅਤੇ ਵਾਹਨਾਂ ਸਮੇਤ ਕਈ ਚੀਜ਼ਾਂ ਰੁੜ੍ਹ ਗਈਆਂ। ਹੜ੍ਹ ਤੋਂ ਪਹਿਲਾਂ ਭੂਚਾਲ ਆਉਣ ਦੀ ਚਰਚਾ ਸੀ, ਪਰ ਅਮਰੀਕੀ ਜਿਓਲਾਜਿਕਲ ਸਰਵੇ (USGS) ਮੁਤਾਬਕ ਪਹਿਲਾਂ ਭੂਚਾਲ ਨਹੀਂ ਆਇਆ ਸੀ।
ਦਰਅਸਲ, ਪਹਾੜ ਦਾ ਵੱਡਾ ਹਿੱਸਾ ਲੈਂਡਸਲਾਈਡ ਕਾਰਨ ਲਹੇਂਦੇ ਨਦੀ ਵਿੱਚ ਡਿੱਗਿਆ, ਜਿਸ ਨਾਲ 5.2 ਤੀਬਰਤਾ ਦੇ ਭੂਚਾਲ ਵਰਗਾ ਝਟਕਾ ਪੈਦਾ ਹੋਇਆ। ਇਸ ਤੋਂ ਬਾਅਦ ਪਾਣੀ ਅਤੇ ਮਲਬੇ ਦਾ ਤੇਜ਼ ਸੈਲਾਬ ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਨਦੀਆਂ ਵਿੱਚ ਪਹੁੰਚਿਆ। ਵਹਾਅ ਇੰਨਾ ਜ਼ਬਰਦਸਤ ਸੀ ਕਿ ਮਲਬਾ ਅਤੇ ਲੋਕ ਕਰੀਬ 150 ਕਿਲੋਮੀਟਰ ਦੂਰ ਚਿਤਵਨ ਤੱਕ ਵਹਿ ਗਏ, ਜਿੱਥੋਂ ਹੁਣ ਤੱਕ 33 ਦੇਹਾਂ ਬਰਾਮਦ ਹੋ ਚੁੱਕੀਆਂ ਹਨ। ਰਾਹਤ ਅਤੇ ਬਚਾਅ ਟੀਮਾਂ ਖਰਾਬ ਮੌਸਮ ਅਤੇ ਟੁੱਟੇ ਰਸਤਿਆਂ ਦੇ ਬਾਵਜੂਦ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਜਾ ਰਹੇ ਕਈ ਸ਼ਰਧਾਲੂ ਵੀ ਇਸ ਆਫ਼ਤ ਦੀ ਚਪੇਟ ਵਿੱਚ ਆਏ ਹਨ। ਨੇਪਾਲ ਵਿੱਚ ਲਾਪਤਾ ਵਿਅਕਤੀਆਂ ਵਿੱਚ 466 ਵਿਦੇਸ਼ੀ ਅਤੇ 113 ਨੇਪਾਲੀ ਨਾਗਰਿਕ ਸ਼ਾਮਲ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚ 133 ਭਾਰਤੀ ਅਤੇ 37 ਐੱਨਆਰਆਈ ਵੀ ਹਨ। ਵਿਗਿਆਨਕਾਂ ਦਾ ਮੰਨਣਾ ਹੈ ਕਿ ਪਹਾੜ ਤੋਂ ਬਰਫ਼, ਚੱਟਾਨਾਂ ਜਾਂ ਗਲੇਸ਼ੀਅਰ ਦਾ ਵੱਡਾ ਹਿੱਸਾ ਟੁੱਟ ਕੇ ਡਿੱਗਿਆ ਹੋ ਸਕਦਾ ਹੈ। ਹਾਲਾਂਕਿ ਇਸ ਘਟਨਾ ਦੀ ਪੂਰੀ ਵਜ੍ਹਾ ਸਾਹਮਣੇ ਆਉਣ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ।
