ਨਿਊਜ਼ ਪੰਜਾਬ
27 ਅਗਸਤ,2026
ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਹਰਿਆਣਵੀ ਗਾਇਕ ਤੇ ਯੂਟਿਊਬਰ ਅੰਕਿਤ ਬਾਲਿਆਨ ਦਾ ਜਿੰਮ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਕਰੀਬ 2 ਮਿੰਟ ਤੱਕ 18 ਰਾਊਂਡ ਫਾਇਰ ਕੀਤੇ, ਜਿਸ ਦੌਰਾਨ ਅੰਕਿਤ ਨੂੰ ਸਿਰ ਅਤੇ ਪੇਟ ਵਿੱਚ 5 ਗੋਲੀਆਂ ਲੱਗੀਆਂ। ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸੜਕ ਜਾਮ ਕਰ ਦਿੱਤੀ, ਜਦਕਿ ਅੰਕਿਤ ਦੀ ਮਾਂ ਪੁੱਤਰ ਦੀ ਲਾਸ਼ ਗੋਦੀ ਵਿੱਚ ਲੈ ਕੇ ਸੜਕ ’ਤੇ ਬੈਠ ਗਈ। ਮੌਕੇ ’ਤੇ ADG ਭਾਨੂ ਭਾਸਕਰ ਅਤੇ ਸਹਾਰਨਪੁਰ ਰੇਂਜ ਦੇ DIG ਅਭਿਸ਼ੇਕ ਸਿੰਘ ਪਹੁੰਚੇ ਅਤੇ ਪਰਿਵਾਰ ਨੂੰ ਸਮਝਾ ਕੇ ਰਾਤ ਕਰੀਬ 12 ਵਜੇ ਜਾਮ ਖੁੱਲ੍ਹਵਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਅੰਕਿਤ ਜ਼ਿਲ੍ਹਾ ਪੰਚਾਇਤ ਚੋਣ ਦੀ ਤਿਆਰੀ ਕਰ ਰਿਹਾ ਸੀ। ਕਤਲ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋਇਆ ਅਤੇ ਪੁਲਿਸ CCTV ਫੁਟੇਜ ਰਾਹੀਂ ਹਮਲਾਵਰਾਂ ਦੀ ਪਛਾਣ ਕਰਨ ਵਿੱਚ ਜੁਟੀ ਹੈ। ਅੰਕਿਤ ਨੇ ਕਤਲ ਤੋਂ ਕਰੀਬ ਇੱਕ ਘੰਟਾ ਪਹਿਲਾਂ ਹੀ ਇੰਸਟਾਗ੍ਰਾਮ ’ਤੇ ਗਾਣਾ ਪੋਸਟ ਕੀਤਾ ਸੀ। ਉਹ ਗਨ ਕਲਚਰ ਨਾਲ ਜੁੜੇ ਗੀਤਾਂ ਕਾਰਨ ਵੀ ਚਰਚਿਤ ਰਿਹਾ ਅਤੇ ਉਸ ਦਾ ‘ਭਰੀ ਕੋਰਟ ਮੇਂ ਗੋਲੀ ਮਾਰੇਂਗੇ’ ਗੀਤ 2023 ਵਿੱਚ ਰਿਲੀਜ਼ ਹੋਇਆ ਸੀ, ਜਿਸ ’ਤੇ ਬਾਅਦ ਵਿੱਚ ਬੈਨ ਲਗਾ ਦਿੱਤਾ ਗਿਆ ਸੀ।
