ਨਹੀਂ ਰਹੇ ਮਸ਼ਹੂਰ ਐਕਟਰ ਤੇ ਪ੍ਰੋਡਿਊਸਰ ਧੀਰਜ ਕੁਮਾਰ ,79 ਸਾਲ ਦੀ ਉਮਰ ਵਿੱਚ ਸੰਸਾਰ ਨੂੰ ਕੀਤਾ ਅਲਵਿਦਾ, ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਲਏ ਆਖਰੀ ਸਾਹ

ਨਿਊਜ਼ ਪੰਜਾਬ

16 ਜੁਲਾਈ 2025

ਬਾਲੀਵੁੱਡ ਅਤੇ ਟੈਲੀਵਿਜ਼ਨ ਜਗਤ ਦੇ ਮਸ਼ਹੂਰ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਧੀਰਜ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਸੋਮਵਾਰ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਅੰਧੇਰੀ ਸਥਿਤ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ। 79 ਸਾਲਾ ਧੀਰਜ ਕੁਮਾਰ ਨੂੰ ਕਥਿਤ ਤੌਰ ‘ਤੇ ਗੰਭੀਰ ਨਮੂਨੀਆ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਨੇ ਹੁਣ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।

79 ਸਾਲਾਂ ਦੀ ਉਮਰ ਭੋਗ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਇਸ ਬਿਹਤਰੀਨ ਅਦਾਕਾਰ ਦਾ ਬਤੌਰ ਨਿਰਮਾਤਾ ਅਤੇ ਨਿਰਦੇਸ਼ਕ ਵੀ ਸਫ਼ਰ ਬੇਹੱਦ ਸ਼ਾਨਦਾਰ ਰਿਹਾ, ਜੋ ਇੱਕ ਅਨੁਭਵੀ ਕਲਾਕਾਰ ਵਜੋਂ ਜਾਣੇ ਜਾਂਦੇ ਰਹੇ ਹਨ। ਉਨ੍ਹਾਂ ਦੇ ਅਦਾਕਾਰੀ ਸਫ਼ਰ ਵੱਲ ਨਜ਼ਰਸਾਨੀ ਕਰੀਏ ਤਾਂ ਇਸ ਦੀ ਸ਼ੁਰੂਆਤ 1970 ਦੇ ਦਹਾਕੇ ਵਿੱਚ ਆਈ ਫਿਲਮ ‘ਰਾਤੋਂ ਕਾ ਰਾਜਾ’ ਨਾਲ ਹੋਈ, ਜਿਸ ਉਪਰੰਤ ਪੜਾਅ ਦਰ ਪੜਾਅ ਸਾਹਮਣੇ ਆਈਆਂ ‘ਬਹਾਰੋਂ ਫੂਲ ਬਰਸਾਓ’, ‘ਸ਼ਰਾਫਤ ਛੱਡ ਦੀ ਮੈਂ’, ‘ਰੋਟੀ ਕੱਪੜਾ ਔਰ ਮਕਾਨ’, ‘ਸਰਗਮ’, ‘ਕ੍ਰਾਂਤੀ’ ਵਰਗੀਆਂ ਕਈ ਪ੍ਰਸਿੱਧ ਫਿਲਮਾਂ ਨੇ ਵੀ ਉਨ੍ਹਾਂ ਨੂੰ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ।

ਹਿੰਦੀ ਦੇ ਇਲਾਵਾ ਉਨ੍ਹਾਂ ਨੇ 21 ਦੇ ਕਰੀਬ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ, ਜਿੰਨ੍ਹਾਂ ਵਿੱਚ ਉਨ੍ਹਾਂ ਦੇ ਪੰਜਾਬੀ ਫਿਲਮਾਂ ‘ਦਾਜ’, ‘ਸ਼ੇਰ ਪੁੱਤਰ’, ‘ਸੈਤੀ ਮੁਰਾਦ’, ‘ਗੋਰੀ ਦੀਆਂ ਝਾਂਜਰਾ’, ‘ਚੋਰਾਂ ਨੂੰ ਮੌਰ’, ‘ਰਾਂਝਾ ਇੱਕ ਤੇ ਹੀਰਾ ਦੋ’ ਆਦਿ ਵਿੱਚ ਲੀਡਿੰਗ ਹੀਰੋ ਵਜੋਂ ਕੰਮ ਨੂੰ ਖੂਬ ਸਲਾਹਿਆ ਗਿਆ।

ਇੱਕ ਨਿਰਦੇਸ਼ਕ ਵਜੋਂ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਬਿਹਤਰੀਨ ਰਹੀ, ਜਿੰਨ੍ਹਾਂ ਨੇ ਬੱਚਿਆਂ ਲਈ ਜਾਦੂ-ਆਧਾਰਤ ਫਿਲਮ ‘ਆਬਰਾ ਕਾ ਦਾਬਰਾ’ ਅਤੇ ਥ੍ਰਿਲਰ ਫਿਲਮ ‘ਕਾਸ਼ੀ: ਇਨ ਸਰਚ ਆਫ਼ ਗੰਗਾ’ ਦਾ ਨਿਰਦੇਸ਼ਨ ਕੀਤਾ। ਇਸ ਤੋਂ ਇਲਾਵਾ ‘ਓਮ ਨਮਹ ਸ਼ਿਵਾਏ’, ‘ਸ਼੍ਰੀ ਗਣੇਸ਼’, ‘ਅਦਾਲਤ’, ‘ਸੰਸਕਾਰ’, ‘ਧੂਪ ਛਾਂ’, ‘ਜੋੜੀਆਂ ਕਮਾਲ ਕੀ’ ਅਤੇ ‘ਸਿੰਘਾਸਨ ਬੱਤੀਸੀ’ ਵਰਗੇ ਮਸ਼ਹੂਰ ਸੀਰੀਅਲਾਂ ਦਾ ਨਿਰਦੇਸ਼ਨ ਵੀ ਕੀਤਾ, ਜੋ ਅਪਾਰ ਲੋਕਪ੍ਰਿਯਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ।

ਨਿਰਮਾਤਾ ਵਜੋਂ ਉਨ੍ਹਾਂ ਨੇ ‘ਕ੍ਰਿਏਟਿਵ ਆਈ ਲਿਮਟਿਡ’ ਨਾਮ ਦੀ ਇੱਕ ਕੰਪਨੀ ਦੀ ਸਥਾਪਨਾ ਕੀਤੀ ਅਤੇ ਇਸ ਦੇ ਅਧੀਨ ਧਾਰਮਿਕ, ਸਮਾਜਿਕ ਅਤੇ ਪਰਿਵਾਰਕ ਵਿਸ਼ਿਆਂ ‘ਤੇ ਅਧਾਰਤ 30 ਤੋਂ ਵੱਧ ਸੀਰੀਅਲ ਤਿਆਰ ਕੀਤੇ, ਜਿੰਨ੍ਹਾਂ ਵਿੱਚ ‘ਘਰ ਕੀ ਲਕਸ਼ਮੀ ਬੇਟੀਆਂ’, ‘ਸ਼੍ਰੀ ਗਣੇਸ਼’, ‘ਓਮ ਨਮਹ ਸ਼ਿਵਾਏ’, ‘ਇਸ਼ਕ ਸੁਭਾਨ ਅੱਲ੍ਹਾ’ ਅਤੇ ‘ਸੰਸਕਾਰ’ ਵਰਗੇ ਪਾਪੂਲਰ ਸੀਰੀਅਲ ਸ਼ਾਮਲ ਹਨ।