27 ਨਵੰਬਰ ਨੂੰ ਪੂਰੇ ਪੰਜਾਬ ’ਚ ਹੋਵੇਗੀ ਮੌਕ ਡ੍ਰਿਲ, ਰਾਤ 8 ਵਜੇ ਵੱਜਣਗੇ ਏਅਰ ਰੇਡ ਸਾਇਰਨ ਤੇ ਹੋਵੇਗਾ ਬਲੈਕਆਉਟ

ਨਿਊਜ਼ ਪੰਜਾਬ

25 ਨਵੰਬਰ,2026

ਪੰਜਾਬ ਵਿੱਚ 27 ਨਵੰਬਰ ਨੂੰ ਰਾਤ 8 ਵਜੇ ਸੂਬੇ ਭਰ ਵਿੱਚ ਏਅਰ ਰੇਡ ਅਤੇ ਬਲੈਕਆਉਟ ਦੀ ਮੌਕ ਡ੍ਰਿਲ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤਹਿਤ ਕੀਤੇ ਜਾ ਰਹੇ ਇਸ ਅਭਿਆਸ ਦੌਰਾਨ ਸਾਰੇ ਜ਼ਿਲ੍ਹਿਆਂ ਵਿੱਚ ਸਾਇਰਨ ਵਜਾ ਕੇ ਹਵਾਈ ਹਮਲੇ ਦੀ ਚੇਤਾਵਨੀ ਦੇਣ ਦਾ ਸੰਕੇਤ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਤੈਅ ਕੀਤੇ ਗਏ ਇਲਾਕਿਆਂ ਵਿੱਚ ਗੈਰ-ਜ਼ਰੂਰੀ ਲਾਈਟਾਂ ਬੰਦ ਕਰਵਾ ਕੇ ਪ੍ਰਤੀਕਾਤਮਕ ਬਲੈਕਆਉਟ ਕੀਤਾ ਜਾਵੇਗਾ। ਇਸ ਦੌਰਾਨ ਅੱਗ ਬੁਝਾਉਣ, ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ, ਮੁੱਢਲੀ ਸਹਾਇਤਾ, ਖੋਜ ਅਤੇ ਬਚਾਅ ਕਾਰਜਾਂ ਸਮੇਤ ਕਈ ਐਮਰਜੈਂਸੀ ਸੇਵਾਵਾਂ ਦਾ ਅਭਿਆਸ ਵੀ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਇਰਨ ਦੀ ਆਵਾਜ਼ ਸੁਣ ਕੇ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਅਤੇ ਐਮਰਜੈਂਸੀ ਪ੍ਰਬੰਧਾਂ ਦੀ ਤਿਆਰੀ ਪਰਖਣ ਲਈ ਕੀਤੀ ਜਾ ਰਹੀ ਮੌਕ ਡ੍ਰਿਲ ਹੈ। ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਅਤੇ ਅਭਿਆਸ ਖ਼ਤਮ ਹੋਣ ’ਤੇ ਆਲ ਕਲੀਅਰ ਦਾ ਸਾਇਰਨ ਵੀ ਵਜਾਇਆ ਜਾਵੇਗਾ।