ਸਵਾਮੀ ਰਾਮਦੇਵ ਨੇ ਧੀਰੇਂਦਰ ਸ਼ਾਸਤਰੀ ਨੂੰ ਦੱਸਿਆ ਛੋਟਾ ਭਰਾ, ਕਿਹਾ- ਗਲਤ ਬਿਆਨ ’ਤੇ ਪਿਆਰ ਨਾਲ ਲਗਾਈ ਝਾੜ

ਨਿਊਜ਼ ਪੰਜਾਬ

25 ਨਵੰਬਰ,2026

ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਅਤੇ ਯੋਗ ਗੁਰੂ ਸਵਾਮੀ ਰਾਮਦੇਵ ਵਿਚਾਲੇ ਚੱਲ ਰਹੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਸਵਾਮੀ ਰਾਮਦੇਵ ਨੇ ਹਰਿਦੁਆਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਧੀਰੇਂਦਰ ਸ਼ਾਸਤਰੀ ਨੂੰ ਆਪਣਾ ਛੋਟਾ ਭਰਾ, ਪੁੱਤਰ ਅਤੇ ਚੇਲਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਕੁਝ ਅਜਿਹੇ ਬਿਆਨਾਂ ਲਈ ਉਨ੍ਹਾਂ ਨੂੰ ਝਿੜਕਿਆ ਸੀ, ਜੋ ਉਨ੍ਹਾਂ ਨੂੰ ਗਲਤ ਅਤੇ ਦੁਖਦਾਈ ਲੱਗੇ। ਉਨ੍ਹਾਂ ਕਿਹਾ ਕਿ ਧੀਰੇਂਦਰ ਸ਼ਾਸਤਰੀ ਨੇ ਵੀ ਉਨ੍ਹਾਂ ਦੀ ਝਿੜਕ ਨੂੰ ਪਿਆਰ ਨਾਲ ਸਵੀਕਾਰ ਕੀਤਾ। ਇਹ ਵਿਵਾਦ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਦੀ ਤੁਲਨਾ ਨੂੰ ਲੈ ਕੇ ਸ਼ੁਰੂ ਹੋਇਆ ਸੀ। ਦੂਜੇ ਪਾਸੇ ਧੀਰੇਂਦਰ ਸ਼ਾਸਤਰੀ ਨੇ ਸਵਾਮੀ ਰਾਮਦੇਵ ਨੂੰ ਸਤਿਕਾਰਯੋਗ ਦੱਸਦਿਆਂ ਕਿਹਾ ਕਿ ਉਹ ਸੰਤਾਂ ਦੀ ਆਲੋਚਨਾ ਅਤੇ ਪ੍ਰਸ਼ੰਸਾ ਦੋਵਾਂ ਨੂੰ ਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਦਾ ਮਕਸਦ ਹਿੰਦੂ ਸਮਾਜ ਨੂੰ ਵੰਡਣਾ ਨਹੀਂ, ਸਗੋਂ ਇਕਜੁੱਟ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਸੰਤਾਂ ਦਾ ਹਮੇਸ਼ਾ ਸਤਿਕਾਰ ਕਰਦੇ ਹਨ। ਇਸ ਬਿਆਨਬਾਜ਼ੀ ਕਾਰਨ ਦੋਵਾਂ ਧਾਰਮਿਕ ਸ਼ਖ਼ਸੀਅਤਾਂ ਵਿਚਾਲੇ ਚੱਲ ਰਿਹਾ ਵਿਵਾਦ ਕਾਫ਼ੀ ਚਰਚਾ ਵਿੱਚ ਹੈ।