ਤਰਨਤਾਰਨ ਸਰਪੰਚ ਕਤਲ ਕਾਂਡ: ਡਿਊਟੀ ਵਿੱਚ ਲਾਪਰਵਾਹੀ ਕਾਰਨ DSP ਪੱਟੀ ਅਤੇ SHO ਸਰਹਾਲੀ ਸਸਪੈਂਡ

ਨਿਊਜ਼ ਪੰਜਾਬ

19 ਫ਼ਰਵਰੀ 2026

ਬੀਤੇ ਦਿਨੀਂ ਤਰਨਤਾਰਨ ਵਿਚ ਸਰਪੰਚ ਦੇ ਹੋਏ ਕਤਲ ਮਾਮਲੇ ਵਿਚ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। DSP ਪੱਟੀ ਤੇ SHO ਸਰਹਾਲੀ ਨੂੰ ਸਸਪੈਂਡ ਕੀਤਾ ਗਿਆ ਹੈ। ਡਿਊਟੀ ਦੌਰਾਨ ਕੁਤਾਹੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਤਰਨਤਾਰਨ ਵਿਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਹਰਪਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਇਕ ਵਿਆਹ ਸਮਾਗਮ ਦੌਰਾਨ ਫਾਰਮ ਹਾਊਸ ਵਿਚ ਮੌਜੂਦ ਸਨ। ਉਹ ਆਪਣੇ ਚਚੇਰੇ ਭਰਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਗਏ ਸਨ ਕਿ ਇਸੇ ਦੌਰਾਨ ਜਦੋਂ ਉਹ ਸਟੇਜ ‘ਤੇ ਡਾਂਸ ਕਰ ਰਹੇ ਸਨ ਤਾਂ ਹਮਲਾਵਰ ਮੈਰਿਜ ਪੈਲੇਸ ਅੰਦਰ ਵੜੇ ਤੇ ਸਰਪੰਚ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਭੀੜ ਵਿਚੋਂ ਇਕ ਨੌਜਵਾਨ ਨੇ ਸਰਪੰਚ ਦੇ ਪੇਟ ਤੇ ਸਿਰ ਵਿਚ 4 ਗੋਲੀਆਂ ਮਾਰ ਦਿੱਤੀਆਂ ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਹਾਦਸੇ ਵਿਚ ਸਰਪੰਚ ਦਾ ਚਚੇਰਾ ਭਰਾ ਵੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ। ਘਟਨਾ ਮਗਰੋਂ ਥਾਂ ‘ਤੇ ਹਫੜਾ-ਦਫੜੀ ਮਚ ਗਈ ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਵਿਚ ਲਾਪ੍ਰਵਾਹੀ ਵਰਤਣ ‘ਤੇ ਡੀਜੀਪੀ ਗੌਰਵ ਯਾਦਵ ਨੇ ਪੱਟੀ ਦੇ ਡੀਐੱਸਪੀ ਜਗਬੀਰ ਸਿੰਘ ਤੇ ਸਰਹਾਲੀ ਥਾਣੇ ਦੇ SHO ਗੁਰਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।