ਲਹਿਰਾਗਾਗਾ’ਚ ਭੱਠਾ ਮਾਲਕਾਂ ਦੀ ਅਹਿਮ ਮੀਟਿੰਗ, ‘ਕੋਲਾ ਮਾਫੀਆ’ ਵਿਰੁੱਧ ਨਾਅਰੇਬਾਜ਼ੀ; 20 ਮਈ ਤੋਂ ਭੱਠੇ ਬੰਦ ਕਰਨ ਦਾ ਐਲਾਨ

ਨਿਊਜ਼ ਪੰਜਾਬ

12 ਫ਼ਰਵਰੀ 2026

ਲਹਿਰਾਗਾਗਾ ਵਿੱਚ ਅੱਜ ਭੱਠਾ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਮੂਨਕ ਅਤੇ ਖਨੌਰੀ ਦੇ ਸਮੂਹ ਭੱਠਾ ਮਾਲਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਕੀਤੀ, ਜਦਕਿ ਮੂਨਕ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਬਾਂਸਲ ਅਤੇ ਭੱਠਾ ਮਾਲਕ ਸੰਦੀਪ ਦੀਪੂ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਆਗੂਆਂ ਨੇ ਦੋਸ਼ ਲਗਾਇਆ ਕਿ ‘ਕੋਲਾ ਮਾਫੀਆ’ ਦੇ ਵਧਦੇ ਦਬਦਬੇ ਕਾਰਨ ਕੋਲੇ ਦੀਆਂ ਕੀਮਤਾਂ ਬੇਹਿਸਾਬ ਵੱਧ ਰਹੀਆਂ ਹਨ, ਜਿਸ ਨਾਲ ਭੱਠਾ ਉਦਯੋਗ ਗੰਭੀਰ ਸੰਕਟ ਵਿੱਚ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਤੁਰੰਤ ਕੀਮਤਾਂ ‘ਤੇ ਕਾਬੂ ਨਾ ਪਾਇਆ ਗਿਆ ਤਾਂ ਇੱਟਾਂ ਦੇ ਰੇਟ 9000 ਰੁਪਏ ਪ੍ਰਤੀ ਹਜ਼ਾਰ ਤੱਕ ਪਹੁੰਚ ਸਕਦੇ ਹਨ, ਜਿਸ ਨਾਲ ਆਮ ਲੋਕਾਂ ਲਈ ਘਰ ਬਣਾਉਣਾ ਮਹਿੰਗਾ ਹੋ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੋਲਾ ਮਾਫੀਆ ਦੇ ਨੈੱਟਵਰਕ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ 20 ਮਈ ਤੋਂ ਭੱਠੇ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।