ਪੁਰਾਤਨ ਸ਼ਹਿਰ ਰਾਹੋਂ ’ਚ 10 ਕਰੋੜ ਦੀ ਲਾਗਤ ਦੇ ਸੀਵਰੇਜ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ – 7 ਕਿਲੋਮੀਟਰ ਲੰਬੀ ਮੇਨ ਸੀਵਰੇਜ ਲਾਈਨ, ਮੇਨ ਪੰਪਿੰਗ ਸਟੇਸ਼ਨ ਅਤੇ ਐਸ ਟੀ ਪੀ ਉਸਾਰਿਆ ਜਾਵੇਗਾ -ਵਧਾਇਕ ਅੰਗਦ ਸਿੰਘ

ਐਮ ਐਲ ਏ ਅੰਗਦ ਸਿੰਘ ਵੱਲੋਂ ਰਾਹੋਂ ਦੇ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ

10 ਕਰੋੜ ਦੇ ਪਹਿਲੇ ਪੜਾਅ ’ਚ 7 ਕਿਲੋਮੀਟਰ ਮੇਨ ਲਾਈਨ, ਮੇਨ ਪੰਪਿੰਗ ਸਟੇਸ਼ਨ ਤੇ ਐਸ ਟੀ ਪੀ ਦਾ ਕੰਮ ਹੋਵੇਗਾ

ਸ਼ਹਿਰ ’ਚ ਸਵੱਛ ਭਾਰਤ ਮਿਸ਼ਨ ਤਹਿਤ ਕਮਿਊਨਿਟੀ ਪਖਾਨੇ ਦੀ ਸ਼ੁਰੂਆਤ ਤੇ ਦੋ ਹੋਰਾਂ ਦਾ ਨੀਂਹ ਪੱਥਰ

ਸਹਿਕਾਰੀ ਸਭਾ ਕੋਲ ਬਣਨ ਵਾਲੀ ਇੰਟਰਲਾਕਿੰਗ ਗਲੀ ਦੇ ਕੰਮ ਦੀ ਵੀ ਸ਼ੁਰੂਆਤ

ਨਿਊਜ਼ ਪੰਜਾਬ

ਰਾਹੋਂ, 24 ਜੂਨ- ਐਮ ਐਲ ਏ ਅੰਗਦ ਸਿੰਘ ਨੇ ਅੱਜ ਪੁਰਾਤਨ ਤੇ ਇਤਿਹਾਸਕ ਸ਼ਹਿਰ ਰਾਹੋਂ ’ਚ ਵਿਕਾਸ ਦਾ ਮੁੱਢ ਬੰਨ੍ਹਦਿਆਂ 10 ਕਰੋੜ ਦੀ ਲਾਗਤ ਦੇ ਸੀਵਰੇਜ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰਵਾਈ। ਪਹਿਲੇ ਪੜਾਅ ’ਚ 7 ਕਿਲੋਮੀਟਰ ਲੰਬੀ ਮੇਨ ਸੀਵਰੇਜ ਲਾਈਨ, ਮੇਨ ਪੰਪਿੰਗ ਸਟੇਸ਼ਨ ਅਤੇ ਐਸ ਟੀ ਪੀ ਉਸਾਰਿਆ ਜਾਵੇਗਾ।

ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਨਵਾਂਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਉਣ ਬਾਅਦ, ਹੁਣ ਉਹ ਆਪਣਾ ਪੂਰਾ ਧਿਆਨ ਰਾਹੋਂ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਇੱਥੇ ਲੋੜੀਂਦੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ’ਤੇ ਮੁਕੰਮਲ ਕਰਵਾਉਣ ’ਤੇ ਲਾਉਣਗੇ। ਉਨ੍ਹਾਂ ਕਿਹਾ ਕਿ ਸੀਵਰੇਜ ਪ੍ਰਾਜੈਕਟ ’ਤੇ 20 ਕਰੋੜ ਦਾ ਖਰਚਾ ਉਲੀਕਿਆ ਗਿਆ ਹੈ, ਜਿਸ ਵਿੱਚੋਂ 10 ਕਰੋੜ ਦਾ ਅੱਜ ਆਰੰਭਿਆ ਪ੍ਰਾਜੈਕਟ 9 ਮਹੀਨੇ ਦੇ ਰਿਕਾਰਡ ਸਮੇਂ ’ਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੇ ਸੀਵਰੇਜ ਪ੍ਰਾਜੈਕਟ ’ਚ 4.11 ਕਰੋੜ ਰੁਪਏ ਮੇਨ ਲਾਈਨ ਅਤੇ ਪੰਪਿੰਗ ਸਟੇਸ਼ਨ ’ਤੇ ਅਤੇ 5 ਕਰੋੜ ਰੁਪਏ ਐਸ ਟੀ ਪੀ ’ਤੇ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਐਸ ਟੀ ਪੀ ਦਾ ਟੈਂਡਰ ਜੁਲਾਈ ਦੇ ਪਹਿਲੇ ਹਫ਼ਤੇ ਅਲਾਟ ਹੋ ਜਾਵੇਗਾ ਜਦਕਿ ਮੇਨ ਪਾਈਪ ਲਾਈਨ ਤੇ ਪੰਪਿੰਗ ਸਟੇਸ਼ਨ ਦਾ ਕੰਮ ਅਲਾਟ ਹੋਣ ਬਾਅਦ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।

ਉਨ੍ਹਾਂ ਇਸ ਤੋਂ ਇਲਾਵਾ ਸ਼ਹਿਰ ’ਚ ਸਹਿਕਾਰੀ ਸਭਾ ਨੇੜੇ ਬਣਾਈ ਜਾਣ ਵਾਲੀ ਇੰਟਰਲਾਕਿੰਗ ਟਾਈਲ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ, ਜਿਸ ’ਤੇ 2 ਲੱਖ ਰੁਪਏ ਦਾ ਖਰਚ ਆਵੇਗਾ।

ਰਾਹੋਂ ਸ਼ਹਿਰ ’ਚ ਸਵੱਛ ਭਾਰਤ ਮਿਸ਼ਨ ਤਹਿਤ ਬਣਨ ਵਾਲੇ ਤਿੰਨ ਕਮਿਊਨਿਟੀ ਟਾਇਲੈਟ ਪ੍ਰਾਜੈਕਟਾਂ ’ਚੋਂ ਅਰਨਹਾਲੀ ਮੁਹੱਲੇ ਸਥਿਤ ਇੱਕ ਪ੍ਰਾਜੈਕਟ ਦਾ ਉਦਘਾਟਨ ਕਰਨ ਬਾਅਦ ਉਨ੍ਹਾਂ ਦੱਸਿਆ ਕਿ ਅਜਿਹੇ ਦੋ ਹੋਰ ਪ੍ਰਾਜੈਕਟ ਦਾਣਾ ਮੰਡੀ ਅਤੇ ਡਾ. ਬੀ ਆਰ ਅੰਬੇਦਕਰ ਨਗਰ ਮਾਛੀਵਾੜਾ ਰੋਡ ਵਿਖੇ ਵੀ ਬਣਾਏ ਜਾਣਗੇ। ਇਹ ਤਿੰਨੋਂ ਪ੍ਰਾਜੈਕਟ 9 ਲੱਖ ਰੁਪਏ ਦੇ ਹਨ।

ਉਨ੍ਹਾਂ ਇਸ ਮੌਕੇ ਆਪਣੇ ਸੰਬੋਧਨ ’ਚ ਆਖਿਆ ਕਿ ਨਗਰ ਕੌਂਸਲ ਨਵਾਂਸ਼ਹਿਰ, ਨਵਾਂਸ਼ਹਿਰ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ, ਲਿੰਕ ਸੜ੍ਹਕਾਂ ਦੀ ਮੁਰੰਮਤ, ਸਲੋਹ-ਮਹਿਤਪੁਰ ਉਲੱਦਣੀ ਰੋਡ, ਰਾਹੋਂ-ਘੱਕੇਵਾਲ-ਕਰਿਆਮ-ਡ੍ਰੀਮਲੈਂਡ ਸੜ੍ਹਕ ਅਤੇ ਤੀਸਰੀ ਕਾਹਲੋਂ ਤੋਂ ਦਰਿਆਪੁਰ ਤੱਕ ਨਵੀਂਆਂ ਤੇ ਚੌੜੀਆਂ ਸੜ੍ਹਕਾਂ ਦੇ ਪ੍ਰਾਜੈਕਟ ਅਤੇ ਸਭ ਤੋਂ ਵੱਡੀ ਪ੍ਰਾਪਤੀ ਪੇਂਡੂ ਇਲਾਕੇ ’ਚ ਡਿਗਰੀ ਕਾਲਜ ਜਾਡਲਾ, ਇਸ ਸਭ ਕੁੱਝ ਨੂੰ ਆਪਣੇ ਪਹਿਲੇ ਕਾਰਜਕਾਲ ਦੇ ਸਵਾ ਤਿੰਨ ਸਾਲਾਂ ’ਚ ਹੀ ਜ਼ਮੀਨੀ ਹਕੀਕਤ ਦਾ ਰੂਪ ਦੇਣਾ, ਆਪਣੇ ਹਲਕੇ ਦੇ ਲੋਕਾਂ ਦੇ ਪਿਆਰ ਪ੍ਰਤੀ ਸਿਜਦਾ ਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਵਿਕਾਸ ਦੇ ਨਾਮ ’ਤੇ ਲੋਕਾਂ ਦਾ ਪਿਆਰ ਹਾਸਲ ਕੀਤਾ ਸੀ ਅਤੇ ਉਸ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗਾ।

ਇਸ ਮੌਕੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਆਸ਼ੀਸ਼ ਰਾਏ, ਈ ਓ ਰਾਹੋਂ ਰਾਜੀਵ ਸਰੀਨ, ਐਸ ਡੀ ਓ ਸੀਵਰੇਜ ਬੋਰਡ ਰਣਜੀਤ ਸਿੰਘ, ਅਮਰਜੀਤ ਸਿੰਘ ਬਿੱਟਾ, ਧਰਮਪਾਲ ਬੰਗੜ ਸਾਬਕਾ ਪ੍ਰਧਾਨ ਐਮ ਸੀ ਰਾਹੋਂ, ਸਾਬਕਾ ਐਮ ਸੀ ਗੁਰਮੇਲ ਰਾਮ, ਕਾਲਾ ਅੱਬੀ, ਸਰੂਪ ਸਿੰਘ ਬਡਵਾਲ, ਸੁਰਜੀਤ ਕੁਮਾਰ, ਲਵਲੀ ਰਾਣਾ, ਹਰਸ਼ ਜੋਸ਼ੀ, ਨਰੇਸ਼ ਕੁਮਾਰੀ, ਵਿਨੋਦ ਜੋਸ਼ੀ, ਡਾ. ਬਲਜੀਤ ਸਿੰਘ, ਰਮਨ ਕੁਮਾਰ, ਤਜਿੰਦਰ ਕੌਰ, ਰਾਜੂ ਚੋਪੜਾ, ਬੱਬੂ ਚੋਪੜਾ, ਬੌਬੀ ਚੋਪੜਾ ਆਦਿ ਮੌਜੂਦ ਸਨ।

===================================================================

ਫ਼ੋਟੋ ਕੈਪਸ਼ਨ:  ਐਮ ਐਲ ਏ ਅੰਗਦ ਸਿੰਘ ਮੁਹੱਲਾ ਅਰਨਹਾਲੀ ਵਿਖੇ ‘ਕਮਿਊਨਿਟੀ ਟਾਇਲੈਟ’ ਦਾ ਉਦਘਾਟਨ ਕਰਦੇ ਹੋਏ।