‘ਓਪਰੇਸ਼ਨ ਸੇਫ਼ ਪੰਜਾਬ’- ਜਿਲ੍ਹਾ ਨਵਾਂ ਸ਼ਹਿਰ ‘ਚ ਸਿਵਲ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਕਰਨਗੀਆਂ ਵਿਸ਼ੇਸ਼ ਚੈਕਿੰਗ
ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਵੱਲੋਂ ਕੋਵਿਡ-19 ਤਹਿਤ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਲਈ ਚੈਕਿੰਗ
ਜ਼ਿਲ੍ਹੇ ’ਚ ਕੋਵਿਡ-19 ਉਲੰਘਣਾਕਰਤਾਵਾਂ ਦੇ ਬਿਨਾਂ ਮਾਸਕ 3022 ਤੇ ਸਮਾਜਿਕ ਉਲੰਘਣਾ ਦੇ 22 ਚਲਾਨ
ਨਿਊਜ਼ ਪੰਜਾਬ
ਨਵਾਂਸ਼ਹਿਰ, 24 ਜੂਨ-ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋੋਵਿਡ-19 ਦੀ ਰੋਕਥਾਮ ਲਈ ਨਿਰਧਾਰਿਤ ਪ੍ਰ੍ਰੋਟੋਕਾਲਾਂ ਦੀ ਚੈਕਿੰਗ ਲਈ ਮਿਸ਼ਨ ਫ਼ਤਿਹ ਅਤੇ ‘ਓਪਰੇਸ਼ਨ ਸੇਫ਼ ਪੰਜਾਬ’ ਤਹਿਤ ਅੱਜ ਸਾਂਝੀਆਂ ਟੀਮਾਂ ਰਾਹੀਂ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਤਹਿਤ ਮੂੰਹ ’ਤੇ ਮਾਸਕ, ਸਮਾਜਿਕ ਦੂਰੀ ਅਤੇ ਹੋਟਲਾਂ/ਰੈਸਟੋਰੈਂਟਾਂ ’ਚ ਸ਼ੁਰੂ ਕੀਤੀ ਗਈ ‘ਡਾਈਨ-ਇੰਨ’ (ਅੰਦਰ ਬਿਠਾ ਕੇ ਖਾਣਾ ਪਰੋਸਣਾ) ’ਚ ਅਚਨਚੇਤ ਜਾਇਜ਼ਾ ਲਿਆ ਗਿਆ।
ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਅਨੁਸਾਰ ਪੰਜਾਬ ਸਰਕਾਰ ਵੱਲੋਂ ਲਾਕਡਾਊਨ 5.0/ਅਨਲਾਕ 1.0 ਤਹਿਤ ਲੋਕਾਂ ਨੂੰ ਦਿੱਤੀਆਂ ਛੋਟਾਂ ਦੌਰਾਨ ਕੋਵਿਡ-19 ਤੋਂ ਬਚਾਅ ਲਈ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਲੰਘਣਾ ਕਰਨ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਉਣ ਲਈ ਸਿਵਲ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਗਠਿਤ ਕਰਕੇ ਅੱਜ ਤੋਂ ਵਿਸ਼ੇਸ਼ ਚੈਕਿੰਗ ਆਰੰਭ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੈਕਿੰਗਾਂ ਦਾ ਮੰਤਵ ਸਰਕਾਰ ਵੱਲੋਂ ਦਿੱਤੀਆਂ ਛੋਟਾਂ ਦਾ ਕਿਸੇ ਵੀ ਰੂਪ ’ਚ ਗਲਤ ਲਾਭ ਨਾ ਲੈਣ ਨੂੰ ਯਕੀਨੀ ਬਣਾਉਣਾ ਹੈ ਅਤੇ ਜੇਕਰ ਕੋਈ ਰੈਸਟੋਰੈਂਟ ਜਾਂ ਹੋਟਲ ਪ੍ਰਬੰਧਕ ਇਨ੍ਹਾਂ ਛੋਟਾਂ ਦਾ ਗਲਤ ਲਾਭ ਲੈਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਪੁਲਿਸ ਵੱਲੋਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਡੀ ਐਸ ਪੀ ਨਵਾਂਸ਼ਹਿਰ ਹਰਨੀਲ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਨਾਲ ‘ਓਪਰੇਸ਼ਨ ਸੇਫ਼ ਪੰਜਾਬ’ ਤਹਿਤ ਚੈਕਿੰਗ ਕੀਤੀ ਗਈ। ਇਸ ‘ਓਪਰੇਸ਼ਨ ਸੇਫ਼ ਪੰਜਾਬ’ ਦਾ ਮੰਤਵ ਨਿਰਧਾੋਰਤ ਗਿਣਤੀ ਤੋਂ ਜ਼ਿਆਦਾ ਦਾ ਇਕੱਠ ਕਰਨ, ਵਿਸ਼ੇਸ਼ ਤੌਰ ’ਤੇ ਹੋਟਲਾਂ ਤੇ ਰੈਸਟੋਰੈਂਟਾਂ, ਸਮਾਜਿਕ ਦੂਰੀ ਦੀ ਉਲੰਘਣਾ ਕਰਨ, ਦੋ-ਪਹੀਆ ਵਾਹਨਾਂ ’ਤੇ ਦੋਹਰੀ ਜਾਂ ਤੀਹਰੀ ਸਵਾਰੀ (ਪਤਨੀ ਨੂੰ ਛੱਡ ਕੇ) ਆਦਿ ਦੀ ਉਲੰਘਣਾ ਦਾ ਜਾਇਜ਼ਾ ਲੈ ਕੇ ਕਾਰਵਾਈ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਰੋਜ਼ਾਨਾ ਹੋਵੇਗੀ ਅਤੇ ਜਿਹੜਾ ਵੀ ਵਿਅਕਤੀ ਉਲੰਘਣਾ ਕਰਦਾ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਸ਼ਹਿਰ ਦੇ ਮੇਨ ਚੌਂਕ ਤੋਂ ਇਲਾਵਾ ਹੋਟਲ ਸਿਲਵਰ ਲੀਫ਼ ਤੇ ਰੈਸਟੋਰੈਂਟ ਕਾਂਟੀਨੈਂਟਲ ਹੋਟਲ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਦੇ ਆਦੇਸ਼ਾਂ ’ਤੇ ਇੱਕ ਜੂਨ ਤੋਂ 23 ਜੂਨ ਤੱਕ ਕੋਵਿਡ-19 ਸਾਵਧਾਨੀਆਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕੀਤੀ ਗਈ ਕਾਰਵਾਈ ’ਚ ਮਾਸਕ ਨਾ ਪਹਿਨਣ ’ਤੇ 3022 ਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ’ਤੇ 22 ਚਲਾਣ ਕੀਤੇ ਗਏ। ਇਸ ਤੋਂ ਇਲਾਵਾ ਜਨਤਕ ਥਾਂ ’ਤੇ ਥੁੱਕ ਸੁੱਟਣ ਵਾਲਿਆਂ ਦੇ 5 ਅਤੇ ਇਕਾਂਤਵਾਸ ਤੋੜਨ ਵਾਲਿਆਂ ਦੇ 2 ਚਲਾਣ ਕੀਤੇ ਗਏ।
======================================================
ਫ਼ੋਟੋ ਕੈਪਸ਼ਨ: ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ‘ਓਪਰੇਸ਼ਨ ਸੇਫ਼ ਪੰਜਾਬ’ ਤਹਿਤ ਕੋਵਿਡ-19 ਸਾਵਧਾਨੀਆਂ ਦੀ ਪਾਲਣਾ ਲਈ ਕੀਤੀ ਗਈ ਚੈਕਿੰਗ ਦੀਆ ਤਸਵੀਰਾਂ।