ਮੋਗਾਮੁੱਖ ਖ਼ਬਰਾਂਪੰਜਾਬ

ਮੋਗਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ,ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ 10 ਸਾਲਾ ਬੱਚੀ ਨੂੰ ਕੁਚਲਿਆ, ਮੌਕੇ ‘ਤੇ ਹੀ ਮੌਤ

ਨਿਊਜ਼ ਪੰਜਾਬ

ਮੋਗਾ-21 ਅਪ੍ਰੈਲ 2025

ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਚਰਚ ਤੋਂ ਘਰ ਪਰਤ ਰਹੀ ਇਕ ਪਰਿਵਾਰ ਦੀ 10 ਸਾਲਾ ਬੱਚੀ ਦੀ ਤੇਜ਼ ਰਫਤਾਰ ਫਾਰਚੂਨਰ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਟੀ ਜਨਰਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਸਿੰਦਰ ਸਿੰਘ ਆਪਣੇ ਪਰਿਵਾਰ ਨਾਲ ਚਰਚ ਤੋਂ ਆਪਣੇ ਪਿੰਡ ਚੜਿੱਕ ਨੂੰ ਜਾ ਰਿਹਾ ਸੀ। ਪਿੰਡ ਪੱਟੀ ਮੁਹੱਬਤ ਅੱਡਾ ਨੇੜੇ ਉਸ ਦਾ ਈ-ਰਿਕਸ਼ਾ ਖਰਾਬ ਹੋ ਗਿਆ। ਜਿਵੇਂ ਹੀ ਉਸ ਦੀ ਲੜਕੀ ਪ੍ਰਭਜੋਤ ਕੌਰ ਸੜਕ ਕਿਨਾਰੇ ਈ-ਰਿਕਸ਼ਾ ਤੋਂ ਹੇਠਾਂ ਉਤਰੀ ਤਾਂ ਚੜਿੱਕ ਰੋਡ ਤੋਂ ਆ ਰਹੀ ਤੇਜ਼ ਰਫਤਾਰ ਫਾਰਚੂਨਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਲੜਕੀ ਨੂੰ ਗੰਭੀਰ ਹਾਲਤ ਵਿਚ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮਹਿਣਾ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਫਾਰਚੂਨਰ ਚਾਲਕ ਦੀ ਪਛਾਣ ਬਲਪ੍ਰੀਤ ਸਿੰਘ ਵਾਸੀ ਕੋਟ ਈਸੇ ਖਾਂ ਵਜੋਂ ਹੋਈ ਹੈ। ਪੁਲੀਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਮੋਗਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।