ਪੋਪ ਫਰਾਂਸਿਸ ਨੇ 88 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ,ਲੰਬੇ ਸਮੇਂ ਤੋਂ ਸਨ ਬਿਮਾਰ
ਨਿਊਜ਼ ਪੰਜਾਬ
21 ਅਪ੍ਰੈਲ 2025
ਈਸਾਈ ਭਾਈਚਾਰੇ ਦੇ ਸਭ ਤੋਂ ਵੱਡੇ ਧਰਮ ਗੁਰੂ ਪੋਪ ਫਰਾਂਸਿਸ ਦਾ ਵੈਟੀਕਨ ਸਿਟੀ ‘ਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਨਿਮੋਨੀਆ ਦੀ ਸ਼ਿਕਾਇਤ ਕਾਰਨ ਉਹ ਹਾਲ ਹੀ ‘ਚ ਹਸਪਤਾਲ ‘ਚ ਦਾਖ਼ਲ ਹੋਏ ਸਨ। ਪੋਪ ਫਰਾਂਸਿਸ ਦੀ ਮੌਤ ਦੀ ਖ਼ਬਰ ਵੈਟੀਕਨ ਸਿਟੀ ਤੋਂ ਦਿੱਤੀ ਗਈ ਹੈ। ਉਹ 88 ਸਾਲ ਦੇ ਸਨ। ਇਕ ਦਿਨ ਪਹਿਲਾਂ ਹੀ ਉਨ੍ਹਾਂ ਅਮਰੀਕਾ ਦੇ ਉਪਰਾਸ਼ਟਰਪਤੀ ਜੇਡੀ ਵੈਂਸ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਦੁਨੀਆ ਭਰ ਦੇ 1.4 ਅਰਬ ਕੈਥੋਲਿਕਾਂ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਦੱਸ ਦੇਈਏ ਕਿ ਪੋਪ 88 ਸਾਲ ਦੇ ਸਨ ਤੇ ਉਹ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਸਨ। ਹਾਲ ਹੀ ‘ਚ ਕਈ ਦਿਨਾਂ ਤਕ ਵੈਂਟੀਲੇਟਰ ‘ਤੇ ਰਹਿਣ ਤੋਂ ਬਾਅਦ ਉਹ ਠੀਕ ਹੋ ਕੇ ਘਰ ਵਾਪਸ ਆਏ ਸਨ। ਪੋਪ ਫਰਾਂਸਿਸ ਹਾਲ ਹੀ ‘ਚ ਡਬਲ ਨਿਮੋਨੀਆ ਦੀ ਗੰਭੀਰ ਬਿਮਾਰੀ ਨਾਲ ਪੀੜਤ ਸਨ।
ਕਾਰਡੀਨਲ ਕੇਵਿਨ ਫੈਰੇਲ ਨੇ ਅੱਜ ਵੈਟੀਕਨ ਦੇ ਟੀਵੀ ਚੈਨਲ ‘ਤੇ ਪੋਪ ਦੇ ਦੇਹਾਂਤ ਦਾ ਐਲਾਨ ਕੀਤਾ। ਫੈਰਲ ਨੇ ਕਿਹਾ, “ਪਿਆਰੇ ਵੀਰੋ-ਭੈਣੋ, ਮੈਨੂੰ ਬਹੁਤ ਦੁੱਖ ਨਾਲ ਸਾਡੇ ਪੋਪ ਫਰਾਂਸਿਸ ਦੇ ਦੇਹਾਂਤ ਦਾ ਐਲਾਨ ਕਰਨਾ ਪੈ ਰਿਹਾ ਹੈ। ਅੱਜ ਸਵੇਰੇ 7:35 ਵਜੇ ਰੋਮ ਦੇ ਬਿਸ਼ਪ ਫਰਾਂਸਿਸ ਦਾ ਦੇਹਾਂਤ ਹੋ ਗਿਆ।”
ਤੁਹਾਨੂੰ ਦੱਸ ਦੇਈਏ ਕਿ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਉਹ ਪੋਪ ਦੇ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਲਾਤੀਨੀ ਅਮਰੀਕੀ ਪਾਦਰੀ ਸਨ। ਉਨ੍ਹਾਂ ਨੂੰ 2013 ਵਿੱਚ ਪੋਪ ਦਾ ਖਿਤਾਬ ਮਿਲਿਆ ਸੀ।
ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੋਪ ਫਰਾਂਸਿਸ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦੇ ਹੋਏ ਕਿਹਾ ਕਿ ਪੋਪ ਦਾ “ਭਾਰਤ ਦੇ ਲੋਕਾਂ ਪ੍ਰਤੀ ਪਿਆਰ ਹਮੇਸ਼ਾ ਯਾਦ ਰੱਖਿਆ ਜਾਵੇਗਾ।”
“ਪਵਿੱਤਰ ਪੋਪ ਫਰਾਂਸਿਸ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਦੁੱਖ ਅਤੇ ਯਾਦ ਦੀ ਇਸ ਘੜੀ ਵਿੱਚ, ਵਿਸ਼ਵ ਕੈਥੋਲਿਕ ਭਾਈਚਾਰੇ ਪ੍ਰਤੀ ਮੇਰੀਆਂ ਦਿਲੀ ਸੰਵੇਦਨਾ। ਪੋਪ ਫਰਾਂਸਿਸ ਨੂੰ ਦੁਨੀਆ ਭਰ ਦੇ ਲੱਖਾਂ ਲੋਕਾਂ ਦੁਆਰਾ ਹਮੇਸ਼ਾ ਦਇਆ, ਨਿਮਰਤਾ ਅਤੇ ਅਧਿਆਤਮਿਕ ਹਿੰਮਤ ਦੇ ਇੱਕ ਚਾਨਣ ਮੁਨਾਰੇ ਵਜੋਂ ਯਾਦ ਕੀਤਾ ਜਾਵੇਗਾ। ਛੋਟੀ ਉਮਰ ਤੋਂ ਹੀ, ਉਸਨੇ ਪ੍ਰਭੂ ਮਸੀਹ ਦੇ ਆਦਰਸ਼ਾਂ ਨੂੰ ਸਾਕਾਰ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਉਸਨੇ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਮਿਹਨਤ ਨਾਲ ਸੇਵਾ ਕੀਤੀ। ਜੋ ਲੋਕ ਦੁਖੀ ਸਨ, ਉਨ੍ਹਾਂ ਲਈ ਉਸਨੇ ਉਮੀਦ ਦੀ ਭਾਵਨਾ ਜਗਾਈ,” ਪ੍ਰਧਾਨ ਮੰਤਰੀ ਮੋਦੀ ਨੇ X ‘ਤੇ ਕਿਹਾ।
“ਮੈਨੂੰ ਉਨ੍ਹਾਂ ਨਾਲ ਆਪਣੀਆਂ ਮੁਲਾਕਾਤਾਂ ਬਹੁਤ ਯਾਦ ਹਨ ਅਤੇ ਮੈਂ ਸਮਾਵੇਸ਼ੀ ਅਤੇ ਸਰਬਪੱਖੀ ਵਿਕਾਸ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਤੋਂ ਬਹੁਤ ਪ੍ਰੇਰਿਤ ਹੋਇਆ। ਭਾਰਤ ਦੇ ਲੋਕਾਂ ਲਈ ਉਨ੍ਹਾਂ ਦਾ ਪਿਆਰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀ ਆਤਮਾ ਨੂੰ ਪਰਮਾਤਮਾ ਦੀ ਕਲਾਵੇ ਵਿੱਚ ਸਦੀਵੀ ਸ਼ਾਂਤੀ ਮਿਲੇ,” ਪ੍ਰਧਾਨ ਮੰਤਰੀ ਨੇ ਕਿਹਾ।