ਨਿਊਜ਼ ਪੰਜਾਬ
15 ਅਗਸਤ,2026
ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਤਰੱਕੀ, ਸਵੈ-ਨਿਰਭਰਤਾ ਅਤੇ ਸੰਕਟਾਂ ਨਾਲ ਨਜਿੱਠਣ ਦੀ ਸਮਰੱਥਾ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਲੈ ਕੇ ਪੱਛਮੀ ਏਸ਼ੀਆ ਦੇ ਸੰਕਟ ਤੱਕ ਕਈ ਚੁਣੌਤੀਆਂ ਦੇ ਬਾਵਜੂਦ ਭਾਰਤ ਮਜ਼ਬੂਤੀ ਨਾਲ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ, ਗੈਸ ਅਤੇ ਖਾਦ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ ‘ਤੇ ਯੂਰੀਆ ਦੀ ਕੀਮਤ ਕਰੀਬ 3000 ਰੁਪਏ ਤੱਕ ਪਹੁੰਚਣ ਦੇ ਬਾਵਜੂਦ ਕਿਸਾਨਾਂ ਨੂੰ ਇਹ 300 ਰੁਪਏ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਦਕਿ ਡੀਏਪੀ ਦੀ ਕੀਮਤ 5000 ਰੁਪਏ ਤੱਕ ਪਹੁੰਚਣ ਦੇ ਬਾਵਜੂਦ ਕਿਸਾਨਾਂ ਨੂੰ 1350 ਰੁਪਏ ਵਿੱਚ ਦਿੱਤੀ ਜਾ ਰਹੀ ਹੈ। PM ਮੋਦੀ ਨੇ ਕਿਹਾ ਕਿ ਸੰਕਟ ਦੇ ਸਮੇਂ ਸਰੋਤਾਂ ਦੇ ‘ਹਥਿਆਰੀਕਰਨ’ ਨੇ ਦੁਨੀਆ ਸਾਹਮਣੇ ਨਵੀਆਂ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ, ਇਸ ਲਈ ਸਵੈ-ਨਿਰਭਰਤਾ ਬਹੁਤ ਜ਼ਰੂਰੀ ਹੈ। ਉਨ੍ਹਾਂ MSME ਖੇਤਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਚੁੱਕਦੇ ਹੋਏ ਦੁਨੀਆ ਨਾਲੋਂ ਬਿਹਤਰ ਅਤੇ ਸਸਤੇ ਉਤਪਾਦ ਤਿਆਰ ਕਰਨ।
ਇਸ ਦੌਰਾਨ ਇਤਿਹਾਸਕ ਲਾਲ ਕਿਲ੍ਹੇ ‘ਤੇ ਆਯੋਜਿਤ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਪਹਿਲੀ ਵਾਰ “ਵੰਦੇ ਮਾਤਰਮ” ਗਾਇਆ ਗਿਆ। ਰਾਸ਼ਟਰੀ ਗੀਤ “ਵੰਦੇ ਮਾਤਰਮ” ਦੀ ਵਿਰਾਸਤ ਦੀ 150ਵੀਂ ਵਰ੍ਹੇਗੰਢ ਦੀ ਯਾਦ ਵਿੱਚ ਆਯੋਜਿਤ ਇਸ ਸ਼ਾਨਦਾਰ ਸਮਾਰੋਹ ਵਿੱਚ, ਲਾਲ ਕਿਲ੍ਹੇ ਦੀ ਫਸੀਲ ‘ਤੇ ਫੁੱਲਾਂ ਦੀ ਸਜਾਵਟ ਦੇ ਕੇਂਦਰ ਵਿੱਚ ਰਾਸ਼ਟਰੀ ਝੰਡਾ ਸੀ, ਜਿਸਦੇ ਦੋਵੇਂ ਪਾਸੇ ਹਿੰਦੀ ਵਿੱਚ “ਵੰਦੇ ਮਾਤਰਮ” ਲਿਖਿਆ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਗਤੀ ਦੇ ਜੋਸ਼ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਲਾਲ ਕਿਲ੍ਹੇ ਤੋਂ 80ਵੇਂ ਸੁਤੰਤਰਤਾ ਦਿਵਸ ਸਮਾਰੋਹ ਦੀ ਅਗਵਾਈ ਕੀਤੀ ।
