1 ਕਰੋੜ ਨੌਜਵਾਨਾਂ ਨੂੰ AI ਟ੍ਰੇਨਿੰਗ, ਮੁਫ਼ਤ ਕੋਚਿੰਗ ਤੇ ਟੈਲੇਂਟ ਹੰਟ, PM ਮੋਦੀ ਦੇ 5 ਵੱਡੇ ਐਲਾਨ

ਨਿਊਜ਼ ਪੰਜਾਬ

15 ਅਗਸਤ,2026

80ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਆਪਣੇ 77 ਮਿੰਟਾਂ ਦੇ ਸੰਬੋਧਨ ਦੌਰਾਨ ਦੇਸ਼ ਦੇ ਵਿਕਾਸ, ਨੌਜਵਾਨਾਂ, ਸਿੱਖਿਆ, ਖੇਡਾਂ ਅਤੇ ਤਕਨਾਲੋਜੀ ਨਾਲ ਜੁੜੇ ਕਈ ਵੱਡੇ ਐਲਾਨ ਕੀਤੇ। ਪ੍ਰਧਾਨ ਮੰਤਰੀ ਨੇ ਖਾਸ ਤੌਰ ’ਤੇ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਸਾਲ ਦੇ ਅੰਦਰ 1 ਕਰੋੜ ਨੌਜਵਾਨਾਂ ਨੂੰ AI ਟ੍ਰੇਨਿੰਗ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮਹਿੰਗੀਆਂ ਕੋਚਿੰਗ ਕਲਾਸਾਂ ਦਾ ਬੋਝ ਘਟਾਉਣ ਲਈ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਉਣ ਦੀ ਯੋਜਨਾ ਦਾ ਐਲਾਨ ਕੀਤਾ ਗਿਆ।

ਖੇਡਾਂ ਦੇ ਖੇਤਰ ਵਿੱਚ ਭਾਰਤ ਦੀ ਭਾਗੀਦਾਰੀ ਵਧਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ 5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਟੈਲੇਂਟ ਹੰਟ ਕਰਵਾਉਣ ਅਤੇ 2036 ਓਲੰਪਿਕ ਲਈ ਛੋਟੀ ਉਮਰ ਤੋਂ ਹੀ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰਨ ਦੀ ਗੱਲ ਕਹੀ ਗਈ। ਇਸ ਤੋਂ ਇਲਾਵਾ PM ਮੋਦੀ ਨੇ ਊਰਜਾ ਉਤਪਾਦਨ, ਖੇਤੀਬਾੜੀ ਤੇ ਫੂਡ ਪ੍ਰੋਡਕਸ਼ਨ, ਤਕਨਾਲੋਜੀ ਤੇ ਇਨੋਵੇਸ਼ਨ, ਗਤੀ, ਰੱਖਿਆ, ਗ੍ਰੀਨ-ਬਲੂ ਇਕਾਨਮੀ ਅਤੇ ਸਾਫਟ ਪਾਵਰ ਨੂੰ ਭਾਰਤ ਦੀਆਂ ‘ਸੱਤ ਸ਼ਕਤੀਆਂ’ ਵਜੋਂ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸੈਮੀਕੰਡਕਟਰ ਖੇਤਰ ਵਿੱਚ ਵੀ ਵੱਡਾ ਐਲਾਨ ਕਰਦਿਆਂ ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਤਿੰਨ ਪਲਾਂਟਾਂ ਵਿੱਚ ਉਤਪਾਦਨ ਸ਼ੁਰੂ ਹੋ ਚੁੱਕਾ ਹੈ ਅਤੇ ਆਉਣ ਵਾਲੇ 7-8 ਸਾਲਾਂ ਵਿੱਚ ਹੋਰ 5 ਤੋਂ 8 ਸੈਮੀਕੰਡਕਟਰ ਪਲਾਂਟ ਸਥਾਪਤ ਕਰਨ ਦੀ ਉਮੀਦ ਹੈ। PM ਮੋਦੀ ਨੇ ਇਨ੍ਹਾਂ ਕਦਮਾਂ ਨੂੰ ‘ਆਤਮਨਿਰਭਰ ਭਾਰਤ’ ਅਤੇ 2047 ਤੱਕ ‘ਵਿਕਸਿਤ ਭਾਰਤ’ ਦੇ ਟੀਚੇ ਵੱਲ ਮਹੱਤਵਪੂਰਨ ਕਦਮ ਦੱਸਿਆ।